ਚੰਡੀਗੜ੍ਹ, 28 ਜੂਨ, 2023: ਅੱਜ ਪੰਜਾਬ ਸਿਵਲ ਸਕੱਤਰੇਤ-2 ਚੰਡੀਗੜ ਵਿੱਚ ਸੁਰਿੰਦਰਪਾਲ ਗੁਰਦਾਸਪੁਰ ਦੀ ਅਗਵਾਈ ਹੇਠ ਵਿਸ਼ੇਸ਼ ਸਕੱਤਰ ਨਾਲ ਮੀਟਿੰਗ ਹੋਈ ਜਿਸ ਵਿਚ ਈਟੀਟੀ 2364 ਭਰਤੀ ਲਈ ਇਕ ਸੀਨੀਅਰ ਡਿਪਟੀ ਏਜੀ ਪੰਜਾਬ ਨੂੰ ਪੱਕੇ ਤੌਰ ਤੇ ਲਗਾ ਕੇ ਆਉਣ ਵਾਲੀ 21 ਜੁਲਾਈ ਦੀ ਸੁਣਵਾਈ ਵਿਚ ਇਸ ਭਰਤੀ ਨੂੰ ਜਲਦ ਬਹਾਲ ਕਰਵਾਇਆ ਜਾਵੇ ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ 2364 ਭਰਤੀ ਦੇ ਬੇਰੁਜ਼ਗਾਰ ਅਧਿਆਪਕ ਇਸ ਭਰਤੀ ਦੇ ਬਹਾਲ ਹੋਣ ਦੀ ਇੰਤਜ਼ਾਰ ਕਰ ਰਹੇ ਹਨ। ਇਹਨਾਂ ਬੇਰੁਜ਼ਗਾਰ ਅਧਿਆਪਕਾਂ ਕੋਲ ਇਸ ਭਰਤੀ ਤੋਂ ਇਲਾਵਾ ਹੋਰ ਕੋਈ ਮੌਕਾ ਨਹੀਂ ਹੈ ਇਸ ਲਈ ਜਲਦ ਇਸ ਭਰਤੀ ਨੂੰ ਪੂਰਾ ਕੀਤਾ ਜਾਵੇ ਤਾਂ ਸਕੱਤਰ ਸਾਹਿਬ ਨੇ ਭਰੋਸਾ ਦਵਾਇਆ ਕਿ 21 ਜੁਲਾਈ ਨੂੰ ਸੀਨੀਅਰ ਡਿਪਟੀ ਏਜੀ ਸਾਹਿਬ ਇਸ ਭਰਤੀ ਨੂੰ ਬਹਾਲ ਕਰਵਾਉਣ ਲਈ ਜ਼ਰੂਰ ਪੇਸ਼ ਹੋਣਗੇ। ਈਟੀਟੀ 5994 ਭਰਤੀ ਦੇ ਕੋਰਟ ਕੇਸ ਬਾਰੇ ਗੱਲਬਾਤ ਕੀਤੀ ਗਈ ਜਿਸ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ 6 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਵਿਚ ਇਸ ਭਰਤੀ ਨੂੰ ਬਹਾਲ ਕਰਵਾਕੇ ਜਲਦ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ ਅਤੇ ਜੁਲਾਈ ਵਿਚ ਇਸ ਭਰਤੀ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਇਸ ਭਰਤੀ ਦੇ ਵਿਚ ਲਗਭਗ ਤਿੰਨ ਗੁਣਾ ਤੋਂ ਵੀ ਵੱਧ ਉਮੀਦਵਾਰ ਅਪੀਅਰ ਹੋਏ ਹਨ ਇਸ ਲਈ ਬੈਕਲਾੱਗ ਦੀਆਂ 2994 ਅਸਾਮੀਆਂ ਨੂੰ ਡੀਰਿਜ਼ਰਵ ਕਰਨ ਲਈ ਪਹਿਲਾਂ ਹੀ ਸੰਬੰਧਿਤ ਵਿਭਾਗਾਂ ਪਾਸੋਂ ਮਨਜੂਰੀ ਲੈ ਲਈ ਜਾਵੇ ਤਾਂ ਜੋ ਬੇਰੁਜ਼ਗਾਰ ਅਧਿਆਪਕਾਂ ਨੂੰ 6635 ਪੋਸਟਾਂ ਵਾਂਗ ਲੰਬਾ ਇੰਤਜ਼ਾਰ ਨਾ ਕਰਨਾ ਪਵੇ ਤਾਂ ਸਕੱਤਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਇਸ ਭਰਤੀ ਨੂੰ ਸਿੰਗਲ ਲਿਸਟ ਵਿਚ ਹੀ ਪੂਰਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਈਟੀਟੀ 6635 ਦੀਆਂ ਰਹਿੰਦੀਆਂ ਪੋਸਟਾਂ ਨੂੰ ਜਲਦ ਭਰਨ ਬਾਰੇ ਵੀ ਕਿਹਾ ਗਿਆ ਤਾਂ ਸਕੱਤਰ ਸਾਹਿਬ ਨੇ ਕਿਹਾ ਕਿ ਇਸ ਦਾ ਕੰਮ ਚੱਲ ਰਿਹਾ ਹੈ ਜਲਦ ਹੀ ਇਸ ਭਰਤੀ ਦੀਆਂ ਲਿਸਟਾਂ ਨੂੰ ਜਾਰੀ ਕਰ ਦਿੱਤਾ ਜਾਵੇਗਾ।
ਇਸ ਮੀਟਿੰਗ ਦੌਰਾਨ ਈਟੀਟੀ ਟੈੱਟ ਪਾਸ 2364, 6635, 5994, ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਗੁਰਜੀਵਨ ਮਾਨਸਾ, ਜਸਵਿੰਦਰ ਸਿੰਘ ਮਾਛੀਵਾੜਾ, ਗੁਰਮੀਤ ਕੌਰ ਮਾਛੀਵਾੜਾ, ਗੁਰਸੇਵ ਸਿੰਘ ਸੰਗਰੂਰ ਅਤੇ ਹੋਰ ਸਾਥੀ ਮੌਜੂਦ ਸਨ।