ਇਲਾਜ ਕਰਵਾਉਣ ਵਾਲੇ ਮਰੀਜ਼ਾਂ ਤੋਂ ਲਈ ਜਾਵੇਗੀ ਫੀਡਬੈਕ
ਮਰੀਜ਼ਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਲੋੜੀਂਦੇ ਡਾਕਟਰਾਂ ਅਤੇ ਸਟਾਫ਼ ਦੀ ਕੀਤੀ ਜਾ ਰਹੀ ਹੈ ਨਵੀਂ ਭਰਤੀ: ਡਾ. ਬਲਬੀਰ ਸਿੰਘ
ਧੂਰੀ/ਸੰਗਰੂਰ, 27 ਜੂਨ, 2023: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਲਦ ਹੀ ਸੂਬੇ ਦੇ ਸਾਰੇ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ ਦੇ ਅਤੇ ਕਮਿਊਨਿਟੀ ਹਸਪਤਾਲਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਜਿਸ ਨਾਲ ਸਮੁੱਚੇ ਸੈਕੰਡਰੀ ਸਿਹਤ ਖੇਤਰ ਦੀ ਦਸ਼ਾ ਨੂੰ ਕ੍ਰਾਂਤੀਕਾਰੀ ਪੱਧਰ ਉੱਪਰ ਸੁਧਾਰਨ ਵਿੱਚ ਵੱਡੀ ਮਦਦ ਮਿਲੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਸਬ ਡਵੀਜ਼ਨਲ ਹਸਪਤਾਲ ਧੂਰੀ ਅਤੇ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਕਰਨ ਲਈ ਇੱਥੇ ਪਹੁੰਚੇ ਹੋਏ ਸਨ। ਇਸ ਮੌਕੇ ਪੰਜਾਬ ਹੈਲਥ ਸਿਸਟਮ ਦੇ ਐਮ.ਡੀ. ਪਰਦੀਪ ਅਗਰਵਾਲ ਵੀ ਉਹਨਾਂ ਦੇ ਨਾਲ ਸਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਹਿਲਾਂ ਪ੍ਰਾਇਮਰੀ ਸਿਹਤ ਦੇ ਖੇਤਰ ਵਿੱਚ 580 ਆਮ ਆਦਮੀ ਕਲੀਨਿਕ ਖੋਲ੍ਹ ਕੇ ਕ੍ਰਾਂਤੀਕਾਰੀ ਸੁਧਾਰ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਲਈ ਨਮੂਨੇ ਦੀਆਂ ਇਮਾਰਤਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਲੋੜ ਅਨੁਸਾਰ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਦੀ ਤੈਨਾਤੀ ਕੀਤੀ ਗਈ ਹੈ। ਉਨ੍ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਦੇ ਖੇਤਰ ਵਿੱਚ ਸਰਵੋਤਮ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਦੌਰੇ ਦਾ ਮੁੱਖ ਮਕਸਦ ਸੈਕੰਡਰੀ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਲਈ ਹਸਪਤਾਲਾਂ ਵਿੱਚ ਲੋੜੀਂਦੀਆਂ ਸੁਵਿਧਾਵਾਂ ਦੀ ਜਾਣਕਾਰੀ ਹਾਸਲ ਕਰਨਾ ਸੀ ਅਤੇ ਇਸ ਲਈ ਮਾਹਰਾਂ ਦੀ ਟੀਮ ਜਿਸ ਵਿੱਚ ਆਈ.ਐਮ.ਏ. ਦੇ ਪ੍ਰਧਾਨ ਵੀ ਸ਼ਾਮਲ ਹਨ, ਵੱਲੋਂ ਇਨ੍ਹਾਂ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਲਈ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਦੇ ਨਵੀਨੀਕਰਨ ਮੌਕੇ ਇਮਾਰਤਾਂ ਵਿੱਚ ਮਰੀਜ਼ਾਂ ਦੀ ਮਦਦ ਲਈ ਪੇਸ਼ੈਂਟ (ਮਰੀਜ਼) ਫੈਸੀਲੀਟੇਸ਼ਨ ਸੈਂਟਰ ਤਿਆਰ ਕੀਤੇ ਜਾਣਗੇ ਜਿੱਥੇ ਮਰੀਜ਼ ਦੀ ਰਜਿਸਟਰੇਸ਼ਨ ਕਰਵਾ ਕੇ ਉਸਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਸ਼ਾਮਲ ਹਨ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਸਟਾਫ਼ ਮੌਜੂਦ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਪਹਿਲੀ ਵਾਰ ਬਣਨ ਵਾਲੇ ਇਨ੍ਹਾਂ ਮਰੀਜ਼ ਸਹਾਇਤਾ ਕੇਂਦਰਾਂ ਵਿੱਚ ਮੌਜੂਦ ਸਟਾਫ਼ ਹੀ ਮਰੀਜ਼ ਦੀ ਪਰਚੀ ਬਣਵਾ ਕੇ ਡਾਕਟਰ ਨੂੰ ਵਿਖਾਉਣਾ, ਟੈਸਟ ਕਰਵਾਉਣਾ ਅਤੇ ਦਵਾਈ ਦਿਵਾਉਣ ਲਈ ਪਾਬੰਦ ਹੋਵੇਗਾ ਤਾਂ ਜੋ ਆਮ ਲੋਕਾਂ ਨੂੰ ਬੇਲੋੜੀ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਸਪਤਾਲ ਵਿੱਚ ਇਲਾਜ ਕਰਵਾ ਕੇ ਜਾਣ ਵਾਲੇ ਮਰੀਜ਼ਾਂ ਤੋਂ ਇਲਾਜ ਸਬੰਧੀ ਫੀਡਬੈਕ ਲੈਣ ਲਈ ਦੀ ਦਿਸ਼ਾ ਵਿੱਚ ਵੀ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਜਲਦ ਹੀ 550 ਨਵੇਂ ਡਾਕਟਰ ਭਰਤੀ ਕੀਤੇ ਜਾ ਰਹੇ ਹਨ ਅਤੇ ਇਸਦੇ ਨਾਲ ਹੀ ਡਾਕਟਰਾਂ ਨੂੰ ਕੰਮ ਕਰਨ ਲਈ ਚੰਗਾ ਮਾਹੌਲ ਪ੍ਰਦਾਨ ਕਰਨ ਅਤੇ ਬਿਹਤਰ ਮਿਹਨਤਾਨਾ ਦੇਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੇਂ ਡਾਕਟਰਾਂ ਦੀ ਭਰਤੀ ਨਾਲ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਨੂੰ ਹਫ਼ਤੇ ਦੇ ਸੱਤੇ ਦਿਨ 24 ਘੰਟੇ ਕਾਰਜਸ਼ੀਲ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੁਝ ਥਾਵਾਂ ਤੇ ਨਵੀਂਆਂ ਇਮਾਰਤਾਂ ਤਾਂ ਬਣਾਈਆਂ ਗਈਆਂ ਪਰ ਲੋੜੀਂਦੇ ਸਟਾਫ਼ ਦੀ ਭਰਤੀ ਨਹੀਂ ਕੀਤੀ ਗਈ ਪਰ ਹੁਣ ਮਾਨ ਸਰਕਾਰ ਵੱਲੋਂ ਡਾਕਟਰਾਂ ਦੇ ਨਾਲ-ਨਾਲ ਲੋੜੀਂਦੇ ਪੈਰਾ-ਮੈਡੀਕਲ ਸਟਾਫ਼ ਦੀ ਭਰਤੀ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਟਾਫ਼ ਦੇ ਨਾਲ-ਨਾਲ ਲੋੜੀਂਦੀਆਂ ਅਤਿ ਆਧੁਨਿਕ ਮਸ਼ੀਨਾਂ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਪ੍ਰੀਤਮ ਸਿੰਘ ਪੀਤੂ, ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਕਰਨਲ ਜੇ.ਵੀ. ਸਿੰਘ, ਬਲਵਿੰਦਰ ਸੈਣੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਐਸ.ਐਮ.ਓ. ਡਾ. ਕਿਰਪਾਲ ਸਿੰਘ, ਐਕਸੀਅਨ ਲੋਕ ਨਿਰਮਾਣ ਕੇ ਐਸ ਸੰਧੂ, ਐਕਸੀਅਨ ਮੰਡੀ ਬੋਰਡ ਵੀ ਹਾਜ਼ਰ ਸਨ।