ਮਹਿਲਾ ਉੱਦਮੀਆਂ ਨੂੰ ‘ਪਾਈਟੈਕਸ’ ’ਚ ਮਿਲੇਗਾ ਮੌਕਾ
ਅੰਮ੍ਰਿਤਸਰ, 24 ਜੂਨ ( ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਦੇਸ਼ ਭਰ ਦੇ ਉਦਯੋਗਪਤੀਆਂ ਅਤੇ ਸਰਕਾਰ ਵਿਚਕਾਰ ਪੁੱਲ ਦਾ ਕੰਮ ਕਰਨ ਵਾਲੇ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਇੱਕ ਨਵੀਂ ਪਹਿਲ ਕਦਮੀ ਕਰਦਿਆਂ ਪੰਜਾਬ ਵਿੱਚ ਮਹਿਲਾ ਉੱਦਮੀ ਪੈਦਾ ਕਰਨ ਦੇ ਉਦੇਸ਼ ਨਾਲ ‘ਸ਼ੀ’ ਫੋਰਮ ਦਾ ਗਠਨ ਕੀਤਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਅੱਜ ਪੰਜਾਬ ਐਗਰੋ ਅਤੇ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਦੌਰਾਨ ਚੈਂਬਰ ਦੀ ਰੈਜ਼ੀਡੈਂਟ ਡਾਇਰੈਕਟਰ ਭਾਰਤੀ ਸੂਦ ਦੀ ਅਗਵਾਈ ਹੇਠ ਫੋਰਮ ਦਾ ਰਸਮੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਹਿਲਾ ਉੱਦਮੀ, ਪੀ.ਐਚ.ਡੀ.ਸੀ.ਸੀ.ਆਈ. ’ਚ ਮਹਿਲਾ, ਬਾਲ ਵਿਕਾਸ ਅਤੇ ਇੰਟਪ੍ਰੀਨਿਓਰ ਕਮੇਟੀ ਦੀ ਕੋ-ਚੇਅਰ ਬਲੋਸਮ ਕੋਚਰ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਇਸ ਸਮੇਂ ਇੱਕ ਅਜਿਹੇ ਪਲੇਟਫਾਰਮ ਦੀ ਲੋੜ ਹੈ ਜਿੱਥੇ ਨਾ ਸਿਰਫ਼ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ ਸਗੋਂ ਉਨ੍ਹਾਂ ਨੂੰ ਸਫਲ ਉੱਦਮੀ ਬਣਨ ਲਈ ਸਿਖਲਾਈ ਵੀ ਪ੍ਰਾਪਤ ਹੋਵੇ। ਅੱਜ ਵੀ ਮਹਿਲਾਵਾਂ ਦਾ ਦਾਇਰਾ ਸੀਮਤ ਹੈ। ਅਜਿਹੇ ਵਿੱਚ ਚੈਂਬਰ ਵੱਲੋਂ ਉਨ੍ਹਾਂ ਦੇ ਦਾਇਰੇ ਵਿੱਚ ਰਹਿ ਕੇ ਹੀ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਪ੍ਰਧਾਨਗੀ ਭਾਸ਼ਣ ਵਿੱਚ ਪੀ.ਐਚ.ਡੀ.ਸੀ.ਸੀ.ਆਈ. ਦੀ ਰੈਜ਼ੀਡੈਂਟ ਡਾਇਰੈਕਟਰ ਭਾਰਤੀ ਸੂਦ ਨੇ ਕਿਹਾ ਕਿ ਪੀ.ਐਚ.ਡੀ.ਸੀ.ਸੀ.ਆਈ. ‘ਸ਼ੀ’ ਦਾ ਮਤਲਬ ਸਟ੍ਰਾਂਗ, ਹੋਲੀਸਟਿਕ, ਐਨਰਜੇਟਿਕ ਫੋਰਮ ਹੈ। ਇਹ ਹੀ ਮਹਿਲਾ ਦੀ ਪਰਿਭਾਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਫੋਰਮ ਰਾਹੀਂ ਜਿੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਮਹਿਲਾ ਸਵੈ-ਸਹਾਇਤਾ ਗਰੁੱਪਾਂ ਨੂੰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇਗਾ, ਉੱਥੇ ਹੀ ਇਸ ਫੋਰਮ ਵਿੱਚ ਸ਼ਾਮਲ ਸਫਲ ਮਹਿਲਾ ਉੱਦਮੀਆਂ ਅੱਗੇ ਨਵੀਆਂ ਮਹਿਲਾ ਉੱਦਮੀਆਂ ਨੂੰ ਤਿਆਰ ਕਰਨਗੀਆਂ। ਉਨ੍ਹਾਂ ਕਿਹਾ ਕਿ ‘ਸ਼ੀ’ ਫੋਰਮ ਰਾਹੀਂ ਮਹਿਲਾਵਾਂ ਨੂੰ ਨਵੇਂ ਉਤਪਾਦ ਤਿਆਰ ਕਰਨ, ਉਤਪਾਦਾਂ ਦੇ ਮੰਡੀਕਰਨ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ’ਪਾਈਟੈਕਸ’ ਵਿੱਚ ਮਹਿਲਾ ਉੱਦਮੀਆਂ ਦੀ ਭਾਗੀਦਾਰੀ ਨੂੰ ਪਹਿਲਾਂ ਦੇ ਮੁਕਾਬਲੇ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਬੋਲਦਿਆਂ ਓਜਸ ਫਿਟਨੈਸ ਕਲੀਨਿਕ ਐਂਡ ਐਜੂਕੇਸ਼ਨਲ ਸੈਂਟਰ ਦੀ ਸੰਸਥਾਪਕ ਡਾ. ਵਿਭਾ ਬਾਵਾ ਨੇ ਕਿਹਾ ਕਿ ਮਹਿਲਾਵਾਂ ਨੂੰ ਹੁਣ ਆਪਣੀ ਪ੍ਰਤਿਭਾ ਖੁਦ ਦਿਖਾਉਣੀ ਪਵੇਗੀ। ਅਜਿਹੇ ਪਲੇਟਫਾਰਮ ਮਹਿਲਾਵਾਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ। ਹਿਮਾਚਲ ਦੀ ਸਹਾਇਕ ਕਮਿਸ਼ਨਰ ਵਿਕਰੀ ਕਰ ਅਤੇ ਆਬਕਾਰੀ ਪੂਨਮ ਠਾਕੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀਆਂ ਮਹਿਲਾ ਉੱਦਮੀਆਂ ਅੱਜ ਦੇਸ਼ ਭਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਫੋਰਮ ਰਾਹੀਂ ਹਿਮਾਚਲ ਅਤੇ ਪੰਜਾਬ ਦੀਆਂ ਮਹਿਲਾਵਾਂ ਦੀ ਸਾਂਝੀ ਮੀਟਿੰਗ ਕਰਵਾਈ ਜਾਵੇਗੀ ਤਾਂ ਜੋ ਉਹ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰ ਸਕਣ। ਪੀ.ਐਚ.ਡੀ.ਸੀ.ਸੀ.ਆਈ. ਦੀ ਖੇਤਰੀ ਮਹਿਲਾ ਵਿਕਾਸ ਕਮੇਟੀ ਦੀ ਕਨਵੀਨਰ ਐਡਵੋਕੇਟ ਪੂਜਾ ਨਾਇਰ ਨੇ ਦੱਸਿਆ ਕਿ ਇਸ ਬੈਨਰ ਦੇ ਮਾਧਿਅਮ ਰਾਹੀਂ ਮਹਿਲਾਵਾਂ ਨੂੰ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ’ਤੇ ਸਿੰਬਾ ਕੁਆਰਟਜ਼ ਦੀ ਸੰਸਥਾਪਕ ਸੀ.ਈ.ਓ ਮਨਦੀਪ ਟਾਂਗਰਾ, ਸਥਾਨਕ ਕੋਆਰਡੀਨੇਟਰ ਜੈਦੀਪ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।