ਪੰਜਾਬ, ਹਰਿਆਣਾ ‘ਚ ਅਗਲੇ 5 ਦਿਨਾਂ ਤੱਕ ਮੀਂਹ ਨਾਲ ਮੌਸਮ ਸੁਹਾਵਣਾ ਰਹੇਗਾ। ਪਿਛਲੇ 24 ਘੰਟਿਆਂ ਦੌਰਾਨ ਨਮੀ ਵਧਣ ਕਾਰਨ ਗਰਮੀ ਵਧੀ ਹੈ ਪਰ ਅਗਲੇ 3 ਤੋਂ 4 ਦਿਨਾਂ ਤੱਕ ਮੀਂਹ ਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਰਹੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਆਉਣ ਵਾਲੀ 15, 16 ਤੇ 17 ਜੂਨ ਨੂੰ ਮੌਸਮ ਵਿੱਚ ਬਦਲਾਅ ਹੋਵੇਗਾ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਰਹੇਗਾ। ਅੱਜ ਚੰਡੀਗੜ੍ਹ ’ਚ 38.5, ਅੰਮ੍ਰਿਤਸਰ ’ਚ 40.7, ਲੁਧਿਆਣਾ ’ਚ 38.4, ਪਠਾਨਕੋਟ ’ਚ 39.8, ਬਠਿੰਡਾ ’ਚ 40.4, ਗੁਰਦਾਸਪੁਰ ’ਚ 39.0, ਬਰਨਾਲਾ ’ਚ 38.3, ਫ਼ਰੀਦਕੋਟ ’ਚ 41.3, ਫ਼ਤਹਿਗੜ੍ਹ ਸਾਹਿਬ ’ਚ 40.2, ਫਿਰੋਜ਼ਪੁਰ ’ਚ 39.5, ਹੁਸ਼ਿਆਰਪੁਰ ’ਚ 39.0, ਮੁਹਾਲੀ ’ਚ 39.3, ਤੇ ਰੋਪੜ ਦਾ ਤਾਪਮਾਨ 37.9 ਦਰਜ ਕੀਤਾ ਗਿਆ ਹੈ।
ਉਧਰ ਹਰਿਆਣਾ ‘ਚ ਵੀ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਹੁਣ ਦਿਨ ਤੋਂ ਬਾਅਦ ਰਾਤ ਦਾ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਦੁਪਹਿਰ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹੁੰਮਸ ਭਰੀ ਗਰਮੀ ਨੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਦੁਪਹਿਰ ਦਾ ਤਾਪਮਾਨ ਵਧਣ ਕਾਰਨ ਬਾਜ਼ਾਰ ਸੁੰਨਸਾਨ ਨਜ਼ਰ ਆ ਰਹੇ ਹਨ। ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਇੱਥੇ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
16 ਜੂਨ ਨੂੰ ਰਾਹਤ ਦੀ ਉਮੀਦ
ਮੌਸਮ ਵਿਭਾਗ ਮੁਤਾਬਕ 16 ਜੂਨ ਤੋਂ ਮੌਸਮ ਵਿੱਚ ਰਾਹਤ ਦੀ ਉਮੀਦ ਹੈ। ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ। ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਅੱਜ ਯਾਨੀ ਬੁੱਧਵਾਰ ਅਤੇ ਵੀਰਵਾਰ ਨੂੰ ਵੀ ਹਲਕੀ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਸ਼ੁੱਕਰਵਾਰ ਨੂੰ ਵੀ ਬੱਦਲ ਛਾਏ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹਵਾਵਾਂ ਦੀ ਦਿਸ਼ਾ ‘ਚ ਬਦਲਾਅ ਦੀ ਸੰਭਾਵਨਾ ਹੈ। 14 ਤੇ 15 ਜੂਨ ਨੂੰ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦੀ ਕੋਈ ਸੰਭਾਵਨਾ ਨਹੀਂ ਹੈ। ਦੂਜੇ ਪਾਸੇ 16 ਜੂਨ ਨੂੰ ਹਲਕੀ ਬਾਰਿਸ਼ ਹੋਣ ਕਾਰਨ ਤਾਪਮਾਨ ‘ਚ ਮਾਮੂਲੀ ਗਿਰਾਵਟ ਆ ਸਕਦੀ ਹੈ।