Home » ਨਵੀਂ ਵਾਰਡਬੰਦੀ ਦਾ ਨਕਸ਼ਾ ਜਨਤਕ ਨਾ ਕਰਨ ’ਤੇ ਭਾਜਪਾ ਆਗੂਆਂ ਨੇ ਜਤਾਈ ਨਰਾਜ਼ਗੀ

ਨਵੀਂ ਵਾਰਡਬੰਦੀ ਦਾ ਨਕਸ਼ਾ ਜਨਤਕ ਨਾ ਕਰਨ ’ਤੇ ਭਾਜਪਾ ਆਗੂਆਂ ਨੇ ਜਤਾਈ ਨਰਾਜ਼ਗੀ

by Rakha Prabh
13 views

ਫਗਵਾੜਾ 2 ਜੂਨ (ਸ਼ਿਵ ਕੋੜਾ) ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ (ਸ਼ਾਖਾ-1) ਵੱਲੋਂ ਵੀਰਵਾਰ ਨੂੰ ਪੱਤਰ ਨੰਬਰ 06/06/2023-4ਸਸ/555 ਰਾਹੀਂ ਫਗਵਾੜਾ ਸ਼ਹਿਰ ਦੀ ਨਵੀਂ ਵਾਰਡਬੰਦੀ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਅੱਜ ਦੂਜੇ ਦਿਨ ਬਾਅਦ ਦੁਪਹਿਰ ਤੱਕ ਨਗਰ ਨਿਗਮ ਫਗਵਾੜਾ ਦਫ਼ਤਰ ਵੱਲੋਂ ਨਵੀਂ ਵਾਰਡਬੰਦੀ ਦਾ ਨਕਸ਼ਾ ਜਾਰੀ ਨਾ ਕਰਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਡੂੰਘੀ ਨਰਾਜਗੀ ਦਾ ਪ੍ਰਗਟਾਵਾ ਕੀਤਾ। ਭਾਜਪਾ ਆਗੂਆਂ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਫਗਵਾੜਾ ਦੇ ਕੁੱਲ 50 ਵਾਰਡਾਂ ਲਈ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਕਿਹੜੇ ਇਲਾਕੇ ਨੂੰ ਕਿਹੜੇ ਵਾਰਡ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਸਾਥੀਆਂ ਸਮੇਤ ਅੱਜ ਨਗਰ ਕੌਂਸਲ ਦੇ ਦਫ਼ਤਰ ਵਿੱਚ ਨਵੀਂ ਵਾਰਡਬੰਦੀ ਦਾ ਨਕਸ਼ਾ ਦੇਖਣ ਲਈ ਗਏ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਨੋਟੀਫਿਕੇਸ਼ਨ ਵਿੱਚ ਇਤਰਾਜ਼ ਦਰਜ ਕਰਨ ਲਈ ਸਿਰਫ਼ ਇੱਕ ਹਫ਼ਤੇ ਦਾ ਸਮਾਂ ਦਿੱਤੇ ਜਾਣ ਦੇ ਬਾਵਜੂਦ ਨਵੇਂ ਵਾਰਡ ਦੇ ਨਕਸ਼ੇ ਨੂੰ ਜਨਤੱਕ ਨਹੀਂ ਕੀਤਾ ਗਿਆ। ਨਿਗਮ ਕਮਿਸ਼ਨਰ ਦਫ਼ਤਰ ਦੇ ਦਰਵਾਜ਼ੇ ਨੂੰ ਦੁਪਹਿਰ 1.40 ਵਜੇ ਤੱਕ ਤਾਲਾ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਤਰਾਜ਼ਾਂ ਦੀ ਅੰਤਿਮ ਮਿਤੀ ਦਾ ਅੱਜ ਦੂਜਾ ਦਿਨ ਹੈ। ਸ਼ਨੀਵਾਰ ਅਤੇ ਐਤਵਾਰ ਹਫਤਾਵਾਰੀ ਛੁੱਟੀਆਂ ਹੋਣ ਤੋਂ ਬਾਅਦ ਬਾਕੀ ਤਿੰਨ ਦਿਨਾਂ ਵਿੱਚ ਇਹ ਨਕਸ਼ਾ ਉਨ੍ਹਾਂ ਨੂੰ ਦਿਖਾਇਆ ਜਾਵੇਗਾ ਜਾਂ ਨਹੀਂ, ਇਹ ਵੀ ਪਤਾ ਨਹੀਂ ਹੈ। ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਨੂੰ ਸ਼ਿਕਾਇਤ ਕਰਨ ਦੀ ਗੱਲ ਵੀ ਕਹੀ। ਇਸ ਦੌਰਾਨ ਭਾਜਪਾ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਿਰੋਧੀ ਪਾਰਟੀਆਂ ਨਾਲ ਜੋ ਧੱਕੇਸ਼ਾਹੀ ਕਰ ਰਹੀ ਹੈ, ਉਹ ਵੱਖਰੀ ਗੱਲ ਹੈ ਪਰ ਆਪਣੇ ਆਪ ਨੂੰ ਫਗਵਾੜਾ ਦੀ ਧੀ ਅਖਵਾਉਣ ਵਾਲੀ ਨਿਗਮ ਕਮਿਸ਼ਨਰ ਸ਼ਹਿਰ ਵਲੋਂ ਹੀ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਗਮ ਕਮਿਸ਼ਨਰ ਦੀ ਮਿਹਰਬਾਨੀ ਸਦਕਾ ਅੱਜ ਬੰਗਾ ਰੋਡ ’ਤੇ ਸਥਿਤ 50/60 ਸਾਲ ਪੁਰਾਣੀਆਂ ਇਮਾਰਤਾਂ ਨੂੰ ਮਲਕੀਤੀ ਹੱਕ ਅਤੇ ਨਕਸ਼ੇ ਪੇਸ਼ ਕਰਨ ਲਈ ਇੱਕ ਹਫ਼ਤੇ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਜਦਕਿ ਪ੍ਰਾਪਰਟੀ ਮਾਲਕ ਬਕਾਇਦਾ ਪ੍ਰਾਪਰਟੀ ਟੈਕਸ ਜਮਾਂ ਕਰਵਾ ਰਹੇ ਹਨ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਇਹ ਸਭ ਕੁਝ ਸੱਤਾਧਾਰੀ ‘ਆਪ’ ਪਾਰਟੀ ਦੇ ਇਕ ਸੀਨੀਅਰ ਆਗੂ ਦੇ ਇਸ਼ਾਰੇ ’ਤੇ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਪਰੇਸ਼ਾਨ ਹੋ ਕੇ ਉਸ ਆਗੂ ਦੇ ਬੂਹੇ ’ਤੇ ਨੱਕ ਰਗੜਨ ਤੇ ਫਿਰ ਪ੍ਰਾਪਰਟੀ ਹੋਲਡਰਾਂ ਨੂੰ ਇਸ ਮੁਸੀਬਤ ਤੋਂ ਬਚਾਉਣ ਦੇ ਬਦਲੇ ਵਾਰਡ ਪੱਧਰ ’ਤੇ ਵੋਟਾਂ ਦੀ ਸੌਦੇਬਾਜ਼ੀ ਕੀਤੀ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਫਗਵਾੜਾ ਦੇ ਵਿਕਾਸ ਲਈ 20 ਕਰੋੜ ਰੁਪਏ ਦੀ ਗ੍ਰਾਂਟ ਦੀ ਮਨਜ਼ੂਰੀ ਨੂੰ ਵੀ ਚੋਣ ਡਰਾਮਾ ਕਰਾਰ ਦਿੰਦਿਆਂ ਭਗਵੰਤ ਮਾਨ ਸਰਕਾਰ ਨੂੰ ਹਰ ਫਰੰਟ ’ਤੇ ਫਲਾਪ ਦੱਸਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਤੇ ‘ਆਪ’ ਪਾਰਟੀ ਦੇ ਸਥਾਨਕ ਆਗੂ ਤੇ ਇਹਨਾਂ ਦੀ ਕਠਪੁਤਲੀ ਵਜੋਂ ਕੰਮ ਕਰ ਰਹੇ ਨਿਗਮ ਅਧਿਕਾਰੀ ਭਾਵੇਂ ਜਿੰਨੀ ਮਰਜ਼ੀ ਧੱਕੇ ਕਰ ਲੈਣ ਪਰ ਫਗਵਾੜਾ ਨਗਰ ਨਿਗਮ ਚੋਣਾਂ ਭਾਜਪਾ ਹੀ ਜਿੱਤੇਗੀ ਕਿਉਂਕਿ ਲੋਕ ਜਾਣਦੇ ਹਨ ਕਿ ਸ਼ਹਿਰ ਦਾ ਜੋ ਵੀ ਵਿਕਾਸ ਹੋਇਆ ਹੈ, ਉਹ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਬਦੌਲਤ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਪ੍ਰਾਪਤ ਫੰਡ ਨਾਲ ਹੀ ਹੋਇਆ ਹੈ

Related Articles

Leave a Comment