Home » ਬੀਕੇਯੂ ਏਕਤਾ ਡਕੌਂਦਾ ਨੇ ਕੁਰੜ ਦੇ ਦੋ ਕਿਸਾਨਾਂ ਚੰਦ ਸਿੰਘ ਅਤੇ ਮੋਹਣ ਸਿੰਘ ਦਾ ਕਬਜ਼ਾ ਵਰੰਟ ਬਰੰਗ ਮੋੜਿਆ

ਬੀਕੇਯੂ ਏਕਤਾ ਡਕੌਂਦਾ ਨੇ ਕੁਰੜ ਦੇ ਦੋ ਕਿਸਾਨਾਂ ਚੰਦ ਸਿੰਘ ਅਤੇ ਮੋਹਣ ਸਿੰਘ ਦਾ ਕਬਜ਼ਾ ਵਰੰਟ ਬਰੰਗ ਮੋੜਿਆ

ਕਿਸਾਨਾਂ ਦੀ ਜ਼ਮੀਨ ਅਤੇ ਘਰ ਕਿਸੇ ਵੀ ਹਾਲਤ ਵਿੱਚ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ: ਜਗਰਾਜ ਹਰਦਾਸਪੁਰਾ

by Rakha Prabh
40 views

28 ਮਈ ਨੂੰ ਰਾਏਕੋਟ ਵੱਡਾ ਇਕੱਠ ਕਰਕੇ ਮੈਂਬਰ ਪਾਰਲੀਮੈਂਟ ਦੇ ਦਫ਼ਤਰ ਵੱਲ ਮਾਰਚ ਕੀਤਾ ਜਾਵੇਗਾ 

ਮਹਿਲਕਲਾਂ, 25 ਮਈ, – ਦਲਜੀਤ ਕੌਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਕੁਰੜ ਦੇ ਦੋ ਕਿਸਾਨਾਂ ਚੰਦ ਸਿੰਘ ਪੁੱਤਰ ਜੀਤ ਸਿੰਘ ਅਤੇ ਨਛੱਤਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੇ ਦੋ-ਦੋ ਵਿੱਸਵਿਆਂ ਦੇ ਘਰ ਦੀ ਜਗਮੀਤ ਕੌਰ ਪਿੰਡ ਭੋਖੜੀ (ਲੁਧਿਆਣਾ) ਵੱਲੋਂ ਪੁਲਿਸੀ ਧਾੜ ਸਮੇਤ ਕਬਜ਼ਾ ਵਰੰਟ ਦਿਵਾਉਣ ਆਏ ਤਹਿਸੀਲਦਾਰ ਮਹਿਲਕਲਾਂ ਨੂੰ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਬੇਰੰਗ ਮੋੜ ਦਿੱਤਾ।
ਇਸ ਸਮੇਂ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਦੇ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ ਨੇ ਦੱਸਿਆ ਕਿ ਜਿਸ ਥਾਂ ਦਾ ਅਦਾਲਤ ਦੇ ਹੁਕਮਾਂ ਤਹਿਤ ਕਬਜ਼ਾ ਵਰੰਟ ਜਾਰੀ ਕੀਤਾ ਹੈ, ਉਹ ਤਿੰਨ ਵਾਰ ਵਿਕ ਚੁੱਕਾ ਹੈ। ਬੂਟਾ ਸਿੰਘ ਕੁਰੜ ਨੇ 25-30 ਸਾਲ ਪਹਿਲਾਂ ਇਹ ਥਾਂ ਵੇਚ ਦਿੱਤਾ ਸੀ ਪਰ ਰਜਿਸਟਰੀ ਕਰਵਾਉਣ ਦੀ ਥਾਂ ਆਮ ਪ੍ਰਚੱਲਤ ਰਵਾਇਤ ਅਨੁਸਾਰ ਲਿਖਤ ਕਰਕੇ ਥਾਂ ਦਾ ਕਬਜ਼ਾ ਦੇ ਦਿੱਤਾ। ਬਾਅਦ ਵਿੱਚ ਇਸੇ ਥਾਂ ਦੀ ਰਜਿਸਟਰੀ ਆਪਣੀ ਰਿਸ਼ਤੇਦਾਰ ਜਗਮੀਤ ਕੌਰ ਭੋਖੜੀ ਦੇ ਨਾਂ ਕਰਵਾ ਦਿੱਤੀ, ਪਰ 20 ਸਾਲਾਂ ਤੋਂ ਚੰਦ ਸਿੰਘ ਅਤੇ ਮੋਹਣ ਸਿੰਘ ਇਸ ਥਾਂ ਉੱਤੇ ਕਾਬਜ਼ ਹਨ।
ਆਗੂਆਂ ਕਿਹਾ ਕਿ ਇੱਕ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ 12 ਸਾਲ ਤੋਂ ਵੱਧ ਸਮਾਂ ਕਾਬਜ਼ ਮਾਲਕਾਂ ਤੋਂ ਥਾਂ ਖਾਲੀ ਨਹੀਂ ਕਰਵਾਇਆ ਜਾ ਸਕਦਾ। ਦੂਜੇ ਪਾਸੇ ਇਨ੍ਹਾਂ ਗਰੀਬ ਕਿਸਾਨਾਂ ਦੇ ਸਿਰ ਦੀ ਛੱਤ ਵੀ ਜਬਰੀ ਖੋਹੀ ਜਾ ਰਹੀ ਹੈ। ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਆਗੂਆਂ ਕਿਹਾ ਕਿ ਨਸਲਾਂ ਦੀ ਰਾਖੀ ਲਈ ਵੀ ਸੰਘਰਸ਼ ਕਰ ਰਹੇ ਹਾਂ। ਸਰੀਰਕ ਸ਼ੋਸ਼ਣ ਖਿਲਾਫ਼ ਦਿੱਲੀ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਵੀ ਸਾਡਾ ਸਭਨਾਂ ਮਿਹਨਤਕਸ਼ ਲੋਕਾਂ ਦਾ ਸਾਂਝਾ ਫਰਜ਼ ਹੈ। ਪਹਿਲਵਾਨ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ੀ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਤੱਕ ਸਾਡੀ ਜਥੇਬੰਦੀ ਵੱਲੋਂ ਪੂਰਨ ਹਮਾਇਤ ਜਾਰੀ ਰਹੇਗੀ।
ਇਸ ਸਮੇਂ ਆਗੂਆਂ ਆਤਮਾ ਸਿੰਘ, ਜਸਵਿੰਦਰ ਸਿੰਘ, ਜਗਸੀਰ ਸਿੰਘ, ਹਾਕਮ ਸਿੰਘ, ਬਲਵੀਰ ਸਿੰਘ, ਚੰਦ ਸਿੰਘ ਅਤੇ ਲਾਲ ਸਿੰਘ ਆਦਿ ਕਿਸਾਨ ਆਗੂਆਂ ਨੇ ਐੱਸਕੇਐੱਮ ਵੱਲੋਂ 28 ਮਈ ਨੂੰ ਪਾਰਲੀਮੈਂਟ ਮੈਂਬਰ ਦੇ ਦਫ਼ਤਰਾਂ ਵੱਲ ਮਾਰਚ ਕਰਨ ਦੇ ਸੱਦੇ ਵਜੋਂ ਰਾਏਕੋਟ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਕਾਫ਼ਲੇ ਬੰਨ੍ਹ ਕੇ ਪੁੱਜਣ ਦਾ ਸੱਦਾ ਦਿੱਤਾ। ਆਗੂਆਂ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਕਿਸੇ ਵੀ ਕਿਸਾਨ-ਮਜਦੂਰ ਦੀ ਜ਼ਮੀਨ ਅਤੇ ਘਰ ਉੱਪਰ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ।

Related Articles

Leave a Comment