ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਸਰਹੱਦੀ ਸੁਰੱਖਿਆ ਕਰਮੀਆਂ ਨੇ ਚੌਕਸੀ ਦਿਖਾਉਂਦੇ ਹੋਏ ਗੁਰਦਾਸਪੁਰ ਜ਼ਿਲ੍ਹੇ ਦੀ ਭਾਰਤੀ ਸਰਹੱਦ ’ਚ ਪਾਕਿਸਤਾਨ ਤੋਂ ਆ ਰਹੇ ਦੋ ਡਰੋਨਾਂ ’ਚੋਂ ਇਕ ਨੂੰ ਮਹਿਲਾ ਕਾਂਸਟੇਬਲਾਂ ਵੱਲੋਂ ਗੋਲੀਬਾਰੀ ਕਰਕੇ ਹੇਠਾਂ ਸੁੱਟਿਆ ਅਤੇ ਇਕ ਨੂੰ ਵਾਪਸ ਭੱਜਣ ਲਈ ਮਜਬੂਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਤੀ ਰਾਤ ਦਰਿਆਮਨਸੂਰ ਅਤੇ ਬਧਾਈ ਚੀਮਾ ਬੀ. ਓ. ਪੀ. ਨੇੜੇ ਸੀਮਾ ਸੁਰੱਖਿਆ ਬਲ ਦੇ ਦੋ ਡਰੋਨ ਪਾਕਿਸਤਾਨ ਤੋਂ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਮਹਿਲਾ ਕਾਂਸਟੇਬਲ ਪ੍ਰੀਤੀ ਅਤੇ ਭਾਗਿਆਸ਼੍ਰੀ ਨੇ ਦਰਿਆਮਨਸੂਰ ਨੇੜੇ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ 50 ਮੀਟਰ ਦੀ ਦੂਰੀ ’ਤੇ ਭਾਰਤੀ ਸਰਹੱਦ ’ਚ ਦਾਖਲ ਹੋਏ ਡਰੋਨ ਨੂੰ 25 ਰਾਊਂਡ ਫਾਇਰਿੰਗ ਕਰਕੇ ਹੇਠਾਂ ਸੁੱਟ ਦਿੱਤਾ। ਉਸ ਨੇ ਦੱਸਿਆ ਕਿ ਜਿਹੜਾ ਡਰੋਨ ਡੇਗਿਆ ਗਿਆ ਹੈ, ਉਹ ਪਾਕਿਸਤਾਨ ਤੋਂ ਹੁਣ ਤੱਕ ਆਏ ਡਰੋਨਾਂ ਨਾਲੋਂ ਕਿਤੇ ਵੱਡਾ ਹੈ। ਉਨ੍ਹਾਂ ਕਿਹਾ ਕਿ ਡਰੋਨ ਨਾਲ ਨਸ਼ੀਲੇ ਪਦਾਰਥ ਜਾਂ ਹਥਿਆਰਾਂ ਦੇ ਬੰਨ੍ਹੇ ਹੋਣ ਦੀ ਸੰਭਾਵਨਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ 30 ਲੱਖ ਖਰਚ ਕੇ ਆਸਟ੍ਰੇਲੀਆ ਭੇਜੀ ਪਤਨੀ ਨੇ ਤੋੜ ਦਿੱਤੇ ਸੁਫ਼ਨੇ, ਸੋਚਿਆ ਨਾ ਸੀ ਕਰੇਗੀ ਇਹ ਕੁੱਝ
ਇਸੇ ਦੂਸਰੀ ਘਟਨਾ ਵਿਚ ਬਧੈਚੀਮਾ ਬੀ.ਓ.ਪੀ. 67 ਪਿਲਰ ਨੇੜੇ ਡਰੋਨ ਦੀ ਆਵਾਜ਼ ਸੁਣ ਕੇ ਸੀਮਾ ਸੁਰੱਖਿਆ ਬਲ ਦੀ 73 ਬਟਾਲੀਅਨ ਦੇ ਜਵਾਨਾਂ ਨੇ ਡਰੋਨ ’ਤੇ ਗੋਲੀਬਾਰੀ ਕੀਤੀ, ਜਿਸ ’ਤੇ ਡਰੋਨ ਵਾਪਸ ਚਲਾ ਗਿਆ। ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਜਿਸ ਡਰੋਨ ਨੂੰ ਡੇਗਿਆ ਗਿਆ, ਉਹ ਬਹੁਤ ਵੱਡਾ ਹੈ ਅਤੇ ਇਸ ਦੀ ਲਿਜਾਣ ਦੀ ਸਮਰੱਥਾ ਵੀ ਬਹੁਤ ਜ਼ਿਆਦਾ ਜਾਪਦੀ ਹੈ।
ਇਹ ਵੀ ਪੜ੍ਹੋ : ਬੀ. ਐੱਸ. ਐੱਫ. ਦੇ ਜਵਾਨ ਦੀ ਕਰਤੂਤ, ਅਫਸਰ ਨਾਲ ਬਣਾਓ ਸੰਬੰਧ ਨਹੀਂ ਤਾਂ ਫਸਾਵਾਂਗੇ ਦੇਸ਼ ਧ੍ਰੋਹ ਦੇ ਕੇਸ ’ਚ