ਹੁਣ ਪੰਜਾਬ ’ਚ ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ ਅਤੇ ਪਰਿਵਾਰਾਂ ਦਾ ਸਕੇਗਾ ਸਸਤਾ ਇਲਾਜ, ਪੜੋ ਪੂਰੀ ਖ਼ਬਰ
ਜਲੰਧਰ, 25 ਸਤੰਬਰ : ਪੁਲਿਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਅਹਿਮ ਕਦਮ ਚੁੱਕਦਿਆਂ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਸਟੇਟ ਆਰਮਡ ਪੁਲਿਸ ਐਮ.ਐਫ. ਫਾਰੂਕੀ ਵੱਲੋਂ ਜਲੰਧਰ ਦੇ ਕੁਝ ਪ੍ਰਾਈਵੇਟ ਹਸਪਤਾਲਾਂ ਨਾਲ ਐਮਓਯੂ ’ਤੇ ਹਸਤਾਖਰ ਕੀਤੇ ਗਏ ਹਨ। ਇਸ ਸਮਝੌਤੇ ਨਾਲ ਉਕਤ ਹਸਪਤਾਲਾਂ ’ਚੋਂ ਪੁਲਿਸ ਅਧਿਕਾਰੀ/ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰ ਸਸਤੀਆਂ ਦਰਾਂ ’ਤੇ ਇਲਾਜ ਸਹੂਲਤਾਂ ਪ੍ਰਾਪਤ ਕਰ ਸਕਣਗੇ।
ਇਸ ਸਬੰਧੀ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏਡੀਜੀਪੀ ਐਮ.ਐਫ. ਫਾਰੂਕੀ ਨੇ ਦੱਸਿਆ ਕਿ ਜਲੰਧਰ ਦੇ ਕੁਝ ਮਲਟੀ-ਸਪੈਸ਼ਲਿਟੀ ਹਸਪਤਾਲਾਂ, ਜਿਨ੍ਹਾਂ ’ਚ ਪਟੇਲ ਹਸਪਤਾਲ, ਇਨੋਸੈਂਟ ਹਾਰਟ ਹਸਪਤਾਲ, ਸ਼੍ਰੀਮਨ ਹਸਪਤਾਲ, ਗਲੋਬਲ ਹਸਪਤਾਲ, ਮਾਨ ਸਕੈਨਿੰਗ ਸੈਂਟਰ ਅਤੇ ਭਾਟੀਆ ਸਕੈਨਿੰਗ ਸੈਂਟਰ ਸ਼ਾਮਲ ਹਨ, ਨਾਲ ਐਮਓਯੂ ’ਤੇ ਹਸਤਾਖਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਇਕ ਸਮਝੌਤੇ ਤਹਿਤ ਇਨ੍ਹਾਂ ਹਸਪਤਾਲਾਂ ਵੱਲੋਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ (ਕੇਂਦਰ ਸਰਕਾਰ ਦੀ ਸਿਹਤ ਯੋਜਨਾ) ਦੀਆਂ ਦਰਾਂ ’ਤੇ ਟੈਸਟ ਸਮੇਤ ਸਾਰੀਆਂ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਸਹੂਲਤ ਐਸਪੀਓਜ਼, ਪੰਜਾਬ ਹੋਮਗਾਰਡਜ਼ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀਏਪੀ ਦੇ ਨਾਲ ਹੁਸ਼ਿਆਰਪੁਰ, ਜਲੰਧਰ ਦਿਹਾਤੀ, ਕਪੂਰਥਲਾ ਜ਼ਿਲ੍ਹੇ ਤੋਂ ਇਲਾਵਾ ਜਲੰਧਰ ਕਮਿਸ਼ਨਰੇਟ ਨੂੰ ਵੀ ਇਸ ’ਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਇਕ ਕਾਰਡ ਦਿੱਤਾ ਜਾਵੇਗਾ, ਜਿਸ ’ਤੇ ਅਧਿਕਾਰੀ/ਕਰਮਚਾਰੀ ਦਾ ਨਾਮ, ਫੋਟੋ ਅਤੇ ਪਰਿਵਾਰਕ ਮੈਂਬਰਾਂ ਦਾ ਨਾਮ ਹੋਵੇਗਾ, (ਭਾਵੇ ਉਹ ਨਿਰਭਰ ਹਨ ਜਾਂ ਨਹੀਂ)। ਏਡੀਜੀਪੀ ਨੇ ਇਹ ਵੀ ਦੱਸਿਆ ਕਿ ਇਸ ਮਰੀਜ਼ਾਂ ਤੇ ਹਸਪਤਾਲਾਂ ਦਰਮਿਆਨ ਉਠਾਏ ਗਏ ਕਿਸੇ ਵੀ ਮੁੱਦੇ ਦੇ ਹੱਲ ਲਈ ਸ਼ਿਕਾਇਤ ਨਿਵਾਰਣ ਕਮੇਟੀ ਵੀ ਬਣਾਈ ਜਾਵੇਗੀ ਅਤੇ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਤਿਮਾਹੀ ਸਮੀਖਿਆ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।