ਬਠਿੰਡਾ ਵਿੱਚ ਸ਼ੁੱਕਰਵਾਰ ਨੂੰ ਇੱਕ ਨਿੱਜੀ ਕੰਪਨੀ ਦੀ ਬੱਸ (PB 11 DB-6631) ਬੇਕਾਬੂ ਹੋ ਕੇ ਨਾਲੇ ਵਿੱਚ ਡਿੱਗ ਗਈ ਜਿਸ ‘ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 24 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਪਿੰਡ ਜੀਵਨ ਸਿੰਘ ਵਾਲਾ ਨੇੜੇ ਵਾਪਰਿਆ। ਗੁਰੂ ਕਾਸ਼ੀ ਕੰਪਨੀ ਦੀ ਬੱਸ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਆ ਰਹੀ ਸੀ। ਬੱਸ ਵਿੱਚ ਕਰੀਬ 50 ਲੋਕ ਸਵਾਰ ਸਨ। ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮ ਡਰੇਨ ਵਿੱਚ ਫਸੇ ਲੋਕਾਂ ਦੀ ਭਾਲ ਕਰ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਹਸਪਤਾਲ ਪੁੱਜੇ। ਇੱਥੇ ਉਨ੍ਹਾਂ ਜ਼ਖ਼ਮੀ ਲੋਕਾਂ ਦਾ ਹਾਲ-ਚਾਲ ਪੁੱਛਿਆ।ਜਾਣਕਾਰੀ ਮੁਤਾਬਕ, ਗੁਰੂ ਕਾਸ਼ੀ ਕੰਪਨੀ ਦੀ ਬੱਸ ਛੁੱਟੀ ਤੋਂ ਬਾਅਦ ਮੁਲਾਜ਼ਮਾਂ ਨੂੰ ਲੈ ਕੇ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾ ਰਹੀ ਸੀ। ਬੱਸ ਵਿੱਚ ਕਰੀਬ 50 ਲੋਕ ਸਵਾਰ ਸਨ। ਬੱਸ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਤੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਇੱਕ ਨਾਲੇ ਵਿੱਚ ਪਲਟ ਗਈ। ਇਸ ਤੋਂ ਬਾਅਦ ਬੱਸ ਵਿੱਚ ਸਵਾਰ ਲੋਕਾਂ ਵਿੱਚ ਰੌਲਾ ਪੈ ਗਿਆ। ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ। ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਪਰੇ ਤੇ ਐਸਐਸਪੀ ਅਮਨੀਤ ਕੌਂਡਲ ਵੀ ਮੌਕੇ ’ਤੇ ਪੁੱਜੇ। ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਤਲਵੰਡੀ ਸਾਬੋ ਹਸਪਤਾਲ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਨੇ ਕੁਝ ਲੋਕਾਂ ਨੂੰ ਇਲਾਜ ਤੋਂ ਬਾਅਦ ਸਿਵਲ ਹਸਪਤਾਲ ਰੈਫਰ ਕਰ ਦਿੱਤਾ।