ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਜੇਤੂ ਵਿਧਾਇਕ ਅਤੇ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਨਗਰ ਨਿਗਮ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾਈ। ਇਸ ਮੀਟਿੰਗ ਵਿਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਾਲ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਜਿੱਥੇ ਸ਼ਹਿਰ ਦੇ ਸੁੰਦਰੀਕਰਨ ਸਬੰਧੀ ਵਿਕਾਸ ਕਾਰਜਾਂ ਉਤੇ ਵਿਚਾਰ ਚਰਚਾ ਕੀਤੀ ਉਥੇ ਹੀ ਹਲਕਾ ਦੱਖਣੀ ਦੇ ਭਗਤਾਂਵਾਲਾ ਸਥਿਤ ਕੂੜੇ ਦੇ ਡੰਪ ਉੱਤੇ ਵੀ ਸੁਝਾਅ ਸਾਂਝੇ ਕੀਤੇ ਅਤੇ ਹੁਣ ਤੱਕ ਦੀ ਜਾਣਕਾਰੀ ਵੀ ਅਧਿਕਾਰੀਆਂ ਤੋਂ ਲਈ। ਲਗਪਗ ਇਕ ਘੰਟੇ ਦੀ ਮੀਟਿੰਗ ਉਪਰੰਤ ਵਿਧਾਇਕ ਡਾ. ਨਿੱਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਵਾਸਤੇ ਇੱਕ ਇੱਕ ਦਿਨ ਕੀਮਤੀ ਹੈ ਜਿਸ ਕਰਕੇ ਉਨ੍ਹਾਂ ਨੇ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਦਫਤਰ ਵਿਖੇ ਇਹ ਵਿਸ਼ੇਸ਼ ਮੀਟਿੰਗ ਬੁਲਾਈ, ਜਿਸ ਵਿਚ ਅਧਿਕਾਰੀਆਂ ਨੇ ਵੀ ਬਹੁਤ ਵਧੀਆ ਸਹਿਯੋਗ ਦਿੱਤਾ। ਡਾ ਨਿੱਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਲਗਪਗ ਇਕ ਸਾਲ ਵਿਚ ਅੰਮ੍ਰਿਤਸਰ ਸ਼ਹਿਰ ਬਹੁਤ ਸੁੰਦਰ ਦਿਖਾਈ ਦੇਵੇਗਾ। ਇੱਥੇ ਹੀ ਭਗਤਾਂਵਾਲਾ ਡੰਪ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕੂੜੇ ਦੇ ਡੰਪ ਦੇ ਬਾਰੇ ਵੀ ਅੱਜ ਡੂੰਘੀ ਵਿਚਾਰ ਚਰਚਾ ਕੀਤੀ ਗਈ ਹੈ। ਇਸ ਮੁੱਦੇ ਦੇ ਹੱਲ ਲਈ ਵੀ ਸੰਜੀਦਗੀ ਨਾਲ ਕੰਮ ਚੱਲ ਰਿਹਾ ਹੈ। ਇਸ ਮੀਟਿੰਗ ਵਿਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ ਇੰਜੀਨੀਅਰ ਜਤਿੰਦਰ ਸਿੰਘ ਡਿਪਟੀ ਚੀਫ ਇੰਜਨੀਅਰ, ਇੰਜਨੀਅਰ ਮਨਿੰਦਰਪਾਲ ਅਡੀਸ਼ਨਲ ਐਸਈ, ਇੰਜੀਨੀਅਰ ਗਗਨਦੀਪ ਸਿੰਘ ਐਡੀਸ਼ਨਲ ਐਸਈ, ਇੰਜੀਨੀਅਰ ਇੰਦਰ ਮੋਹਣ ਅਡੀਸ਼ਨਲ ਐਸਈ,ਐਕਸੀਅਨ ਗੁਰਮੁਖ ਸਿੰਘ, ਸੁਖਵਿੰਦਰ ਸਿੰਘ ਮੱਲੀ ਐਕਸੀਅਨ ਕਾਰਪੋਰੇਸ਼ਨ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੇ ਨਾਲ ਪੀਏ ਮਨਿੰਦਰਪਾਲ ਸਿੰਘ, ਡਾ ਬਿਕਰਮਜੀਤ ਸਿੰਘ ਬਾਠ ਆਦਿ ਹਾਜ਼ਰ ਸਨ।