ਅੰਮ੍ਰਿਤਸਰ, 5 ਜਨਵਰੀ ( ਪ੍.ਪ੍ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਕਾਮਨਾ ਕੀਤੀ ਹੈ ਕਿ ਉਹ ਇਸ ਭਾਣੇ ਨੂੰ ਸਹਿਣ ਕਰਨ ਦਾ ਸਾਕ-ਸਨੇਹੀਆਂ ਨੂੰ ਬਲ ਬਖ਼ਸ਼ਣ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਹਰੇਕ ਮਨੁੱਖ ਦਾ ਸੰਸਾਰ ਉੱਤੇ ਜਨਮ ਲੈਣਾ ਅਤੇ ਮੌਤ ਦਾ ਵਰਤਾਰਾ ਅਟੱਲ ਹੈ ਪਰ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਪੰਥਕ ਤੌਰ ‘ਤੇ ਕਾਫ਼ੀ ਸਮੇਂ ਲਈ ਪੀੜਾਦਾਇਕ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦੇ ਅਕਾਲ ਚਲਾਣੇ ਦੀ ਅੱਜ ਖ਼ਬਰ ਮਿਲਦਿਆਂ ਹੀ ਹਰੇਕ ਪੰਥ ਦਰਦੀ ਦੇ ਮਨ ਨੂੰ ਅਸਹਿਜਤਾ ਮਹਿਸੂਸ ਹੋਈ ਹੈ।