ਦਲਜੀਤ ਕੌਰ
ਸੰਗਰੂਰ, 9 ਸਤੰਬਰ, 2023: ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਵੱਖ-ਵੱਖ ਥਾਵਾਂ ‘ਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਨਸ਼ਿਆਂ ਵਿਰੁੱਧ ਫਲੈਗ ਮਾਰਚ ਕਰਕੇ ਬੱਸ ਸਟੈਂਡ, ਰੇਲਵੇ ਸਟੇਸਨ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਚੈਕਿੰਗ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸ੍ਰੀ ਪਲਵਿੰਦਰ ਸਿੰਘ ਚੀਮਾ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸ੍ਰੀ ਰਕੇਸ਼ ਕੁਮਾਰ ਕਪਤਾਨ ਪੁਲਿਸ (ਸਥਾਨਕ), ਸ੍ਰੀ ਨਵਰੀਤ ਸਿੰਘ ਵਿਰਕ ਕਪਤਾਨ ਪੁਲਿਸ (ਪੀ.ਬੀ.ਆਈ) ਅਤੇ ਸ੍ਰੀ ਯੋਗੇਸ਼ ਕੁਮਾਰ ਕਪਤਾਨ ਪੁਲਿਸ ਧੂਰੀ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਵਿਖੇ ਪੈਂਦੀਆਂ ਸਬ ਡਵੀਜਨਾਂ ਵਿੱਚ ਡੀ.ਐਸ.ਪੀਜ਼ ਅਤੇ ਮੁੱਖ ਥਾਣਾ ਅਫ਼ਸਰਾਂ ਵੱਲੋਂ ਸਮੇਤ ਪੁਲਿਸ ਫੋਰਸ ਫਲੈਗ ਮਾਰਚ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਫਲੈਗ ਮਾਰਚ ਦੌਰਾਨ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਵਿਖੇ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਹੋਰ ਸੰਵੇਦਨਸ਼ੀਲ ਏਰੀਆ ਨੂੰ ਵੀ ਚੈੱਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਫਲੈਗ ਮਾਰਚ ਦਾ ਮਕਸਦ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ, ਨਸ਼ੇ ਦੇ ਸਮੱਗਲਰਾਂ ਤੇ ਮਾੜੇ ਅਨਸਰਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਸੁਰੂ ਕੀਤੀ ਮੁਹਿੰਮ ਤਹਿਤ ਆਮ ਪਬਲਿਕ ਤੋਂ ਵੀ ਪੂਰਨ ਸਹਿਯੋਗ ਦੀ ਉਮੀਦ ਕੀਤੀ ਜਾਂਦੀ ਹੈ।