ਮਖੂ /ਫਿਰੋਜ਼ਪੁਰ 07 ਸਤੰਬਰ 2023:
ਪੰਜਾਬ ਸਰਕਾਰ, ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ 07 ਸਤੰਬਰ 2023 ਨੂੰ ਦੂਜੇ ਦਿਨ ਬਲਾਕ ਮਖੂ ਦੇ ਟੂਰਨਾਮੈਂਟ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀ. ਸੈ. ਸਕੂਲ ਫਤਿਹਗੜ੍ਹ ਸਭਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫਸਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ ਅੰਡਰ-14, 17, 21, 21-30, 31-40, 41-55, 56-65 ਅਤੇ 65 ਸਾਲ ਤੋਂ ਉੱਪਰ ਵਰਗ ਵਿਚ ਐਥਲੈਟਿਕਸ, ਕਬੱਡੀ (ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ(ਸਮੈਸ਼ਿੰਗ ਅਤੇ ਸ਼ੂਟਿੰਗ), ਫੁੱਟਬਾਲ, ਰੱਸਾ-ਕੱਸੀ ਖੇਡਾਂ ਕਰਵਾਈਆਂ ਗਈਆਂ। ਬਲਾਕ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀ ਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ।
ਇਸ ਦੌਰਾਨ ਜ਼ਿਲ੍ਹਾ ਖੇਡ ਅਫਸਰ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਸਰਵਪੱਖੀ ਵਿਕਾਸ ਕਰਦੀਆਂ ਹਨ ਅਤੇ ਨਸ਼ਿਆਂ ਤੋਂ ਰੱਖਦੀਆਂ ਹਨ। ਉਨ੍ਹਾਂ ਨੋਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਕੇਲੇ ਅਤੇ ਫਰੂਟੀਆਂ ਦਿੱਤੀਆਂ ਗਈਆਂ।
ਇਸ ਟੂਰਨਾਮੈਂਟ ਵਿਚ ਜੇਤੂ ਖਿਡਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਐਥਲੈਟਿਕਸ ਅੰਡਰ 21-30 ਮੈਨ ਨੇ 100 ਮੀਟਰ ਵਿੱਚ ਜਰਮਲ ਸਿੰਘ ਬਹਿਕ ਫੱਤੂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 31-40 ਵੁਮੈਨ ਵਰਗ ਦੇ 100 ਮੀਟਰ ਵਿੱਚ ਕੁਲਦੀਪ ਕੌਰ ਨੇ ਪਹਿਲਾ ਅਤੇ ਰੁਪਿੰਦਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 41-55 ਵੁਮੈਨ ਵਰਗ ਦੇ 100 ਮੀਟਰ ਅਤੇ 800 ਮੀਟਰ ਵਿੱਚ ਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ(ਨਸ) ਵਿਚ ਅੰਡਰ 21-30 ਮੈਨ ਵਿੱਚ ਅਰਾਜੀ ਸਭਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਬੱਡੀ(ਸਸ) 21-30 ਮੈਨ ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ 17 ਲੜਕੀਆਂ ਵਿੱਚ ਮੱਲਾਂਵਾਲਾ ਖਾਸ ਨੇ ਪਹਿਲਾ ਅਤੇ ਪੀਰ ਮੁਹੰਮਦ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਗੇਮ ਵਿਚ ਅੰਡਰ 21 ਲੜਕਿਆਂ ਵਿੱਚ ਹੀਰੋ ਸਕੂਲ ਨੇ ਪਹਿਲਾ ਅਤੇ ਪੀਰ ਮੁਹੰਮਦ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਸ੍ਰ: ਇਕਬਾਲ ਸਿੰਘ ਪ੍ਰਿੰਸੀਪਲ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀ. ਸੈ ਸਕੂਲ ਫਤਿਹਗੜ੍ਹ ਸਭਰਾ, ਸ਼੍ਰੀ ਅਕਸ਼ ਕੁਮਾਰ ਡੀ.ਐਮ ਜ਼ਿਲ੍ਹਾ ਸਿੱਖਿਆ ਦਫਤਰ ਫਿਰੋਜ਼ਪੁਰ ਵੱਖ-ਵੱਖ ਸਕੂਲਾਂ ਦੇ ਟੀਚਰ ਅਤੇ ਖੇਡ ਵਿਭਾਗ ਦੇ ਕੋਚ, ਸਟਾਫ਼ ਤੇ ਖੇਡ ਪ੍ਰੇਮੀ ਹਾਜ਼ਰ ਸਨ।