ਸ਼ਹਿਣਾ, 24 ਜੁਲਾਈ, 2023: ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੀ ਮਹਿਲਕਲਾਂ ਵਿਖੇ ਹੋਈ ਮੀਟੰਗ ਦੌਰਾਨ ਕੀਤੇ ਗਏ ਫੈਸਲੇ ਦੀ ਰੋਸ਼ਨੀ ਵਿੱਚ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ ਯਾਦਗਾਰੀ ਸਮਾਗਮ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੌਜੂਦਾ ਹਾਲਤਾਂ ਦੀ ਰੋਸ਼ਨੀ ਵਿੱਚ ਸ਼ਹਿਣਾ ਬਲਾਕ ਦੇ ਸਕੂਲਾਂ ਢਿੱਲਵਾਂ, ਮੌੜ ਅਤੇ ਸੁਖਪੁਰਾ ਵਿਖੇ ਮਹਿਲਕਲਾਂ ਲੋਕ ਘੋਲ ਦੇ ਇਤਿਹਾਸਕ ਵਿਰਸੇ ਤੋਂ ਜਾਣੂ ਕਰਵਾਇਆ ਗਿਆ।
ਇਨ੍ਹਾਂ ਇਕੱਤਰਤਾਵਾਂ ਮੌਕੇ ਯਾਦਗਾਰ ਕਮੇਟੀ ਆਗੂਆਂ ਨਰਾਇਣ ਦੱਤ, ਗੁਰਮੀਤ ਸੁਖਪੁਰ, ਜਮਹੂਰੀ ਅਧਿਕਾਰ ਸਭਾ ਦੇ ਆਗੂ ਬਿੱਕਰ ਸਿੰਘ ਔਲਖ ਅਤੇ ਡੀਟੀਐੱਫ ਬਲਾਕ ਸ਼ਹਿਣਾ ਦੇ ਪ੍ਰਧਾਨ ਸੱਤ ਪਾਲ ਨੇ ਕਿਹਾ ਕਿ ਔਰਤਾਂ ਉੱਪਰ ਹਰ ਆਏ ਦਿਨ ਵਧ ਰਹੇ ਜਬਰ ਜੁਲਮ ਦੀ ਵੱਡੀ ਚੁਣੌਤੀ ਦਰਪੇਸ਼ ਹੈ। ਕੁੱਝ ਸਮਾਂ ਪਹਿਲਾਂ ਪਹਿਲਵਾਨ ਖਿਡਾਰਨਾਂ ਅਤੇ ਹੁਣ ਮਨੀਪੁਰ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਹਜੂਮੀ ਭੀੜ ਵੱਲੋਂ ਸ਼ਰੇਆਮ ਘੁਮਾਉਣ ਦਾ ਸ਼ਰਮਨਾਕ ਕਾਰਾ ਸੱਭਿਅਕ ਸਮਾਜ ਦੇ ਮੱਥੇ ਤੇ ਵੱਡਾ ਕਲੰਕ ਹੈ। ਆਗੂਆਂ ਕਿਹਾ ਕਿ ਸ਼ਹੀਦ ਕਿਰਨਜੀਤ ਕੌਰ ਦਾ 26 ਵਾਂ ਸਮਾਗਮ ਔਰਤਾਂ ਉੱਪਰ ਹੁੰਦੇ ਜੁਲਮਾਂ ਦੀ ਅਸਲ ਜੜ੍ਹ ਇਸ ਲੁਟੇਰੇ ਜਾਬਰ ਪ੍ਰਬੰਧ ਨੂੰ ਸਮਝਦਿਆਂ “ਯਾਦਗਾਰੀ ਸਮਾਗਮ” ਦੇ ਰੂਪ ਚ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਇਆ ਜਾਵੇਗਾ।
ਆਗੂਆਂ ਕਿਹਾ ਕਿ ਇਹ ਸਮਾਗਮ ਔਰਤਾਂ ਨੂੰ ਸਨਮਾਨ ਨਾਲ ਜਿੰਦਗੀ ਜਿਉਣ ਦਾ ਰਾਹ ਦਰਸਾਵਾ ਹੈ। ਲੋਕ ਤਾਕਤ ਦਾ ਉੱਸਰਿਆ ਇਹ ਜਥੇਬੰਦਕ ਕਿਲ੍ਹਾ ਵਿਗਿਆਨਕ ਰੋਸ਼ਨੀ ਦਾ ਚਿਰਾਗ ਵੰਡਦਾ ਰਹੇਗਾ। ਇਸ ਵਾਰ 12 ਅਗਸਤ ਦੇ ਯਾਦਗਾਰੀ ਸਮਾਗਮ ਦੀਆਂ ਮੁੱਖ ਜਾਣੀਆਂ ਪਛਾਣੀਆਂ ਸਖਸ਼ੀਅਤਾਂ” ਔਰਤ ਹੱਕਾਂ ਲਈ ਸੰਘਰਸ਼ਸ਼ੀਲ ਵਿਦਵਾਨ ਡਾ ਨਵਸ਼ਰਨ” ਅਤੇ “ਪਿੰਜਰਾ ਤੋੜੂ ਮੁਹਿੰਮ ਦੀ ਆਗੂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨਤਾਸ਼ਾ ਨਰਵਾਲ” ਹੋਣਗੀਆਂ।
ਆਗੂਆਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਨ੍ਹਾਂ ਸਮਾਗਮਾਂ ਨੂੰ ਸਫਲ ਬਨਾਉਣ ਵਿੱਚ ਪ੍ਰਿੰਸੀਪਲ ਰਕੇਸ਼ ਕੁਮਾਰ, ਕੁਲਦੀਪ ਸਿੰਘ, ਦਲਜੀਤ ਸਿੰਘ, ਜਸਵੀਰ ਕੌਰ, ਅਮਨਦੀਪ, ਸੁਭਾਸ਼ ਚੰਦਰ ਅਦਿ ਨੇ ਪੂਰਨ ਸਹਿਯੋਗ ਕੀਤਾ ਅਤੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਚੰਗੇ ਗੁਣਾਂ ਦਾ ਸੰਚਾਰ ਕਰਨ ਅਤੇ ਉਸਾਰੂ ਕਦਰਾਂ ਕੀਮਤਾਂ ਸਿਰਜਣ ਵਿੱਚ ਬੇਹੱਦ ਸਹਾਈ ਹੋਣਗੇ।