Home » ਔਰਤਾਂ ਵਿਰੁੱਧ ਹੌਲਨਾਕ ਅਪਰਾਧ ਭਾਜਪਾ ਅਤੇ ਆਰ ਐੱਸ ਐੱਸ ਦੀ ਫਾਸ਼ੀਵਾਦੀ ਅਤੇ ਫਿਰਕੂ ਧਰੁਵੀਕਰਨ ਵਿਚਾਰਧਾਰਾ ਦਾ ਸਿੱਟਾ: ਡੀ ਟੀ ਐੱਫ

ਔਰਤਾਂ ਵਿਰੁੱਧ ਹੌਲਨਾਕ ਅਪਰਾਧ ਭਾਜਪਾ ਅਤੇ ਆਰ ਐੱਸ ਐੱਸ ਦੀ ਫਾਸ਼ੀਵਾਦੀ ਅਤੇ ਫਿਰਕੂ ਧਰੁਵੀਕਰਨ ਵਿਚਾਰਧਾਰਾ ਦਾ ਸਿੱਟਾ: ਡੀ ਟੀ ਐੱਫ

ਮਨੀਪੁਰ ਵਿਖੇ ਆਦਿਵਾਸੀ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਉਣਾ ਅਤਿ ਸ਼ਰਮਨਾਕ: ਡੀ ਟੀ ਐੱਫ

by Rakha Prabh
11 views
ਚੰਡੀਗੜ੍ਹ, 21 ਜੁਲਾਈ, 2023: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ 4 ਮਈ ਨੂੰ ਮਨੀਪੁਰ ’ਚ ਦੋ ਆਦਿਵਾਸੀ ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਏ ਜਾਣਾ ਅਤਿ ਸ਼ਰਮਸ਼ਾਰ ਅਤੇ ਨਿੰਦਣਯੋਗ ਘਟਨਾ ਹੈ ਜੋ ਦੇਸ਼ ਦੇ ਲੋਕਾਂ ਦੀ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਦੇ ਨਾਲ ਨਾਲ ਸੱਤਾਧਾਰੀਆਂ ਵੱਲੋਂ ਧਾਰੀ ਚੁੱਪ ਤੇ ਵੱਡਾ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ। ਉਹਨਾਂ ਕਿਹਾ ਕਿ ਇਹ ਘਟਨਾ ਅਤੇ ਪਿਛਲੇ ਲੰਬੇ ਸਮੇਂ ਤੋਂ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਆਦਿਵਾਸੀਆਂ, ਘੱਟ ਗਿਣਤੀਆਂ, ਦਲਿਤਾਂ, ਔਰਤਾਂ ਪ੍ਰਤੀ ਫਿਰਕੂ ਪ੍ਰਚਾਰ ਰਾਹੀਂ ਲਗਾਤਾਰ ਫੈਲਾਈ ਨਫ਼ਰਤ ਦਾ ਸਿੱਟਾ ਮਾਤਰ ਹੈ ਅਤੇ ਇਹ ਪ੍ਰਚਾਰ ਬਿਨਾਂ ਰੋਕ ਟੋਕ ਜਾਰੀ ਹੈ। ਇਸ ਪਿੱਛੇ ਭਾਜਪਾ ਅਤੇ ਆਰ ਐਸ ਐਸ ਦੀ ਫਾਸ਼ੀਵਾਦੀ ਅਤੇ ਫਿਰਕੂ ਧਰੁਵੀਕਰਨ ਵਿਚਾਰਧਾਰਾ ਹੈ। ਪਿਛਲੇ ਸਮਿਆਂ ਵਿੱਚ ਕਠੂਆ (ਯੂਪੀ) ’ਚ 7 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਕੇ ਕਤਲ ਕਰਨਾ, ਹਾਥਰਸ ਦਲਿਤ ਔਰਤ ਨਾਲ ਬਲਾਤਕਾਰ ਕਰਨਾ, ਗੁਜਰਾਤ ਦੀ ਬਿਲਕੀਸ ਬਾਨੋ ਨਾਲ ਸਮੂਹਿਕ ਬਲਾਤਕਾਰ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਾਰਨਾ ਇਸਦੀਆਂ ਕੁਝ ਉੱਭਰਵੀਆਂ ਉਦਾਹਰਨਾਂ ਹਨ ਜਿੰਨ੍ਹਾਂ ਵਿੱਚ ਔਰਤਾਂ ਪ੍ਰਤੀ ਮਨੁੱਖੀ ਸੰਵੇਦਨਸ਼ੀਲਤਾ ਕਟਹਿਰੇ ਵਿੱਚ ਖੜ੍ਹੀ ਹੈ। ਮਨੀਪੁਰ ਦੀ ਭਾਜਪਾ ਸਰਕਾਰ ਵੱਲੋਂ ਇਸ ਘਟਨਾ ਢਾਈ ਮਹੀਨੇ ਤੱਕ ਦਬਾਏ ਰੱਖਣ ਦਾ ਅਰਥ ਦੋਸ਼ੀਆਂ ਨੂੰ ਬਚਾਉਣ ਦੇ ਸਮਾਨ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਦਾ ਨੋਟਿਸ ਨਾ ਲਿਆ ਜਾਣਾ ਹੋਰ ਵੀ ਮੰਦਭਾਗਾ ਹੈ।
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾਈ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਆਦਿ ਨੇ ਕਿਹਾ ਕਿ ਭਾਵੇਂ ਅਦਾਲਤ ਨੇ ਆਪਣੇ ਆਪ ਨੋਟਿਸ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰ ਇਸ ਖਿਲਾਫ ਸਮੂਹ ਇਨਕਲਾਬੀ, ਜਮਹੂਰੀ, ਇਨਸਾਫਪਸੰਦ ਸ਼ਕਤੀਆਂ ਨੂੰ ਇਕੱਠੇ ਹੋ ਕੇ ਜ਼ੋਰਦਾਰ ਆਵਾਜ਼ ਉਠਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਤੱਕ ਸੰਘਰਸ਼ ਵਿੱਢਣ ਦੀ ਲੋੜ ਹੈ।

Related Articles

Leave a Comment