ਫਗਵਾੜਾ 6 ਜੁਲਾਈ (ਸ਼ਿਵ ਕੋੜਾ) ਕੇਂਦਰ ਦੀ ਸੱਤਾ ‘ਚ ਭਾਜਪਾ ਦੇ ਨੌਂ ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਨੂੰ ਦੇਸ਼ ਦੇ ਸਮੂਹ ਵਰਗਾਂ ਲਈ ਸੁਨਹਿਰੀ ਦੌਰ ਦੱਸਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਹੀ ਮੋਦੀ ਸਰਕਾਰ ਦਾ ਮੂਲ ਮੰਤਰ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਵਿੱਚ ਕਿਸੇ ਵਿਸ਼ੇਸ਼ ਜਾਤੀ ਜਾਂ ਧਰਮ ਨੂੰ ਲਾਭ ਪਹੁੰਚਾਉਣ ਲਈ ਕੋਈ ਵੀ ਵਿਕਾਸ ਅਤੇ ਕਲਿਆਣਕਾਰੀ ਯੋਜਨਾ ਨਹੀਂ ਬਣਾਈ ਜਾਂਦੀ, ਸਗੋਂ ਹਰ ਯੋਜਨਾ ਦਾ ਲਾਭ ਸਾਰੇ ਭਾਰਤੀਆਂ ਤੱਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਰੋਧੀ ਪਾਰਟੀਆਂ ਕੋਲ ਮੋਦੀ ਸਰਕਾਰ ਨੂੰ ਘੇਰਨ ਲਈ ਕੋਈ ਠੋਸ ਮੁੱਦਾ ਨਹੀਂ ਹੈ, ਇਸ ਲਈ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਅਕਸ ਹਿੰਦੂ ਕੱਟੜਪੰਥੀ ਅਤੇ ਘੱਟ ਗਿਣਤੀ ਵਿਰੋਧੀ ਵਜੋਂ ਪੇਸ਼ ਕਰਕੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਭੜਕਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਕਿ ਕਦੇ ਵੀ ਸਫਲ ਨਹੀਂ ਹੋਵੇਗੀ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ 350 ਤੋਂ ਵੱਧ ਸੀਟਾਂ ਨਾਲ ਦੇਸ਼ ਦੀ ਸੱਤਾ ‘ਚ ਇਕ ਵਾਰ ਫਿਰ ਸ਼ਾਨਦਾਰ ਵਾਪਸੀ ਕਰੇਗੀ, ਜਿਸ ਦੇ ਵਿੱਚ ਦੱਖਣੀ ਭਾਰਤ ਦੇ ਰਾਜਾਂ ਦਾ ਵੀ ਅਹਿਮ ਯੋਗਦਾਨ ਹੋਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸ਼ਾਸਨ ਅਧੀਨ ਜਿੱਥੇ ਬਹੁਗਿਣਤੀ ਹਿੰਦੂ ਸਮਾਜ ਦੀ ਆਸਥਾ ਦਾ ਸਤਿਕਾਰ ਕਰਦੇ ਹੋਏ ਪੰਜ ਸੌ ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਵਿੱਚ ਵਿਸ਼ਾਲ ਮੰਦਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉੱਥੇ ਹੀ ਸ਼੍ਰੀ ਸੋਮਨਾਥ ਅਤੇ ਕੇਦਾਰਨਾਥ ਮੰਦਰਾਂ ਦੀ ਵੀ ਕਾਇਆ ਕਲਪ ਕੀਤੀ ਗਈ ਹੈ। ਇਸੇ ਤਰ੍ਹਾਂ ਦੇਸ਼ ਦੀ ਕੁੱਲ ਆਬਾਦੀ ਵਿੱਚੋਂ ਸਿਰਫ਼ ਦੋ ਫ਼ੀਸਦੀ ਸਿੱਖ ਅਬਾਦੀ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਗਿਆ ਹੈ। ਮੋਦੀ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਲਈ ਇਨਸਾਫ਼ ਦਾ ਰਾਹ ਸਾਫ਼ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਫਗਾਨਿਸਤਾਨ ਤੋਂ ਸਤਿਕਾਰ ਸਹਿਤ ਭਾਰਤ ਲਿਆਂਦੇ ਗਏ ਅਤੇ ਤਾਲਿਬਾਨੀ ਜ਼ੁਲਮ ਦਾ ਸ਼ਿਕਾਰ ਹੋਏ ਹਿੰਦੂ-ਸਿੱਖਾਂ ਦਾ ਭਾਰਤ ਵਿੱਚ ਪੁਨਰਵਾਸ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਕੌਮੀ ਤਿਉਹਾਰਾਂ ਵਜੋਂ ਮਨਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਆਈ.ਆਈ.ਐਮ. ਖੋਲ੍ਹਣਾ, ਪੀਜੀਆਈ ਦੇ ਸੈਟੇਲਾਈਟ ਸੈਂਟਰਾਂ ਦੀ ਸਥਾਪਨਾ ਅਤੇ ਬਠਿੰਡਾ ਵਿੱਚ ਏਮਜ਼ ਹਸਪਤਾਲ ਦੀ ਸਥਾਪਨਾ ਮੋਦੀ ਸਰਕਾਰ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਹਨ। ਖੋਸਲਾ ਨੇ ਕਿਹਾ ਕਿ ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਨੂੰ ਖਤਮ ਕਰਕੇ ਮੋਦੀ ਸਰਕਾਰ ਨੇ ਉਥੋਂ ਦੇ ਬਹੁਗਿਣਤੀ ਮੁਸਲਮਾਨਾਂ ਨੂੰ ਮੁੱਖ ਧਾਰਾ ਨਾਲ ਜੋੜਿਆ ਅਤੇ ਅੱਜ ਕਸ਼ਮੀਰ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਘਾਟੀ ’ਚ ਅੱਤਵਾਦ ਦੀ ਕਮਰ ਟੁੱਟ ਗਈ ਹੈ। ਹੁਣ ਯੂਨੀਫਾਰਮ ਸਿਵਲ ਕੋਡ (ਯੂ.ਸੀ.ਸੀ.) ਲਾਗੂ ਕਰਕੇ ਮੁਸਲਿਮ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਮੋਦੀ ਸਰਕਾਰ ਦੇ ਇਸ ਕ੍ਰਾਂਤੀਕਾਰੀ ਕਦਮ ਨੂੰ ਮੁਸਲਿਮ ਵਿਰੋਧੀ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦੇ ਯਤਨ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਹਨ, ਜਿਸਦੀ ਦੇਸ਼ ਵਿਦੇਸ਼ ‘ਚ ਵੱਸਦੇ ਸਮੂਹ ਭਾਰਤੀਆਂ ਵਲੋਂ ਸਖਤ ਨਖੇਦੀ ਕੀਤੀ ਜਾਣੀ ਚਾਹੀਦੀ ਹੈ।