ਭਵਾਨੀਗੜ੍ਹ/ਸੰਗਰੂਰ, 04 ਜੁਲਾਈ 2023: ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਅਤੇ ਕਾਰਜ਼ਕਾਰੀ ਸੀਨੀਅਰ ਮੈਡੀਕਲ ਅਫਸਰ ਸੀ. ਐਚ.ਸੀ ਭਵਾਨੀਗੜ੍ਹ ਡਾ. ਸੰਜੇ ਮਾਥੁਰ ਦੀ ਅਗਵਾਈ ਹੇਠ ਸਿਹਤ ਬਲਾਕ ਭਵਾਨੀਗੜ੍ਹ ਅਧੀਨ ਆਉਂਦੇ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜੇ (IDCF) – 2023 ਦੀ ਸ਼ੁਰੂਆਤ ਕੀਤੀ ਗਈ । IDCF ਪ੍ਰੋਗਰਾਮ 4 ਤੋਂ 17 ਜੁਲਾਈ ਤੱਕ ਲਾਗੂ ਕੀਤਾ ਗਿਆ ਹੈ। ਇਸ ਦਾ ਟੀਚਾ ਬਚਪਨ ਵਿੱਚ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਜ਼ੀਰੋ ਕਰਨਾ ਹੈ।
ਇਸ ਮੌਕੇ ਡਾ. ਸੰਜੇ ਮਾਥੁਰ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ, ਜਿਨ੍ਹਾਂ ਨੂੰ ਓ.ਆਰ.ਐੱਸ. ਦੇ ਪੈਕੇਟ ਅਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਦਸਤ ਕਾਰਨ ਹੋਣ ਵਾਲੀਆਂ ਲਗਭਗ ਸਾਰੀਆਂ ਮੌਤਾਂ ਨੂੰ ਓਰਲ ਰੀਹਾਈਡਰੇਸ਼ਨ ਸਾਲਟ (ORS) ਦੀ ਸਹੀ ਮਾਤਰਾ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਖੁਰਾਕ ਦੇ ਨਾਲ-ਨਾਲ ਬੱਚੇ ਦੁਆਰਾ ਲੋੜੀਂਦੀ ਪੋਸ਼ਣ ਦੇ ਸੇਵਨ ਨਾਲ ਰੋਕਿਆ ਜਾ ਸਕਦਾ ਹੈ।
ਉਹਨਾਂ ਨੇ ਡਾਇਰੀਆ ਕਾਰਨ ਜ਼ੀਰੋ ਮੌਤਾਂ ਦੇ ਟੀਚੇ ਦੀ ਪ੍ਰਾਪਤੀ ਲਈ ਜਨਤਾ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੈਲਥ ਬਲਾਕ ਭਵਾਨੀਗੜ੍ਹ ਦੇ ਅਧੀਨ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਸਥਾਪਤ ਕੀਤੇ ਗਏ ਹਨ ਅਤੇ ਸਿਹਤ ਕਰਮਚਾਰੀ ਓ.ਆਰ.ਐਸ ਤਿਆਰ ਕਰਨ ਦੇ ਤਰੀਕੇ ਬਾਰੇ ਪ੍ਰਦਰਸ਼ਨ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਕਰਮਚਾਰੀ ਹਰ ਘਰ ਵਿੱਚ ਪਹੁੰਚ ਕੇ ਲੋਕਾਂ ਨੂੰ ਦਸਤ ਦੇ ਇਲਾਜ ਅਤੇ ਰੋਕਥਾਮ ਦੇ ਉਪਾਅ ਪ੍ਰਤੀ ਜਾਗਰੂਕ ਕਰਨਗੇ।
ਇਸ ਮੌਕੇ ਸ਼੍ਰੀ ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਫ ਪਾਣੀ ਪੀਣਾ ਚਾਹੀਦਾ ਹੈ , ਪੀਣ ਵਾਲੇ ਪਾਣੀ ਨੂੰ ਹਮੇਸ਼ਾ ਢੱਕ ਕੇ ਰੱਖੋ ,ਆਪਣਾ ਆਲਾ-ਦੁਆਲਾ ਸਾਫ਼ ਰੱਖੋ । ਘੱਟੋ-ਘੱਟ ਛੇ ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣ ਅਤੇ ਸਮੇਂ-ਸਮੇਂ ਸਿਰ ਆਪਣੇ ਹੱਥ ਧੋਵੋ। ਇਨ੍ਹਾਂ ਸਾਰਿਆਂ ਉਪਰਾਲਿਆਂ ਨਾਲ ਅਤੇ ਉਚਿਤ ਪੋਸ਼ਣ ਨਾਲ ਦਸਤ ਨੂੰ ਰੋਕਿਆ ਜਾ ਸਕਦਾ ਹੈ।ਦਸਤ ਨੂੰ ਰੋਕਣ ਲਈ ਸਵੱਛਤਾ ਬਣਾਈ ਰੱਖਣ ਦੀ ਜ਼ਰੂਰਤ ਹੈ ਅਤੇ ਬਿਮਾਰੀ ਦੇ ਇਲਾਜ ਲਈ ਓ.ਆਰ.ਐੱਸ. ਅਤੇ ਜ਼ਿੰਕ ਥੈਰੇਪੀ ਕਾਰਗਰ ਹੈ ।