ਲੌਂਗੋਵਾਲ, 4 ਜੁਲਾਈ, 2023: ਪਾਵਰਕੌਮ ਦੇ ਸਬ-ਡਵੀਜ਼ਨ ਦਫ਼ਤਰ ਲੌਂਗੋਵਾਲ ਅੱਗੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ 5 ਜੁਲਾਈ ਨੂੰ ਦਿੱਤੇ ਜਾ ਰਿਹਾ ਰੋਸ ਧਰਨਾ ਅੱਜ ਐਕਸੀਅਨ ਸੁਨਾਮ ਵੱਲੋਂ ਜੱਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਰਿਸ਼ਵਤਖੋਰ ਜੇਈ ਨੂੰ ਸਸਪੈਂਡ ਦੀ ਜਾਣਕਾਰੀ ਦੇਣ ਅਤੇ ਰਹਿੰਦੇ ਕੰਮ ਜਲਦੀ ਕਰਨ ਦੇ ਭਰੋਸੇ ਉਪਰੰਤ ਮੁਲਤਵੀ ਕਰ ਦਿੱਤਾ ਗਿਆ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਜ਼ਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਸਬ ਡਵੀਜ਼ਨ ਵਿੱਚ ਤਾਇਨਾਤ ਇੱਕ ਜੇਈ ਵੱਲੋਂ ਕਿਸਾਨ ਤੋਂ ਟਰਾਂਸਫਾਰਮਰ ਰੱਖਣ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਲਈ ਸੀ ਤਾਂ ਉਸ ਦੇ ਖਿਲਾਫ 13 ਜੂਨ ਨੂੰ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਧਰਨਾ ਦਿੱਤਾ ਸੀ ਅਤੇ ਇਸੇ ਸਮੇਂ ਸਬੰਧਤ ਕਿਸਾਨ ਨੇ ਉਸ ਦੇ ਖਿਲਾਫ ਲਿਖਤੀ ਹਲਫ਼ਨਾਮਾ ਐੱਸ ਈ ਸੰਗਰੂਰ ਨੂੰ ਦਿੱਤਾ ਸੀ ਅਤੇ ਪਟਿਆਲਾ ਤੋਂ ਆਈ ਟੀਮ ਨੇ ਵੀ ਇਸ ਮਾਮਲੇ ਦੀ ਪੜਤਾਲ ਲਈ ਹਲਫ਼ਨਾਮਾ ਅਤੇ ਬਿਆਨ ਲਏ ਸਨ ਪਰ 20 ਦਿਨ ਬੀਤਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਕਿਸਾਨਾਂ ਦੇ ਕੰਮ ਕੀਤੇ ਗਏ ਸਨ। ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿੱਢੇ ਸੰਘਰਸ਼ ਦੇ ਦਬਾਅ ਤਹਿਤ ਉੱਚ ਅਧਿਕਾਰੀਆਂ ਵੱਲੋਂ ਉਕਤ ਜ਼ਮੀਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਦੇ ਰਹਿੰਦੇ ਕੰਮ ਦੀ ਤੇਜ਼ੀ ਨਾਲ ਅਤੇ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਜਿਸ ਕਾਰਨ ਕੱਲ੍ਹ ਨੂੰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਖੇਤੀ ਮੋਟਰਾਂ ਦੇ ਕੰਮਾਂ ਸਬੰਧੀ ਤਕਰੀਬਨ ਤਿੰਨ ਡਵੀਜ਼ਨਾਂ ਵਿੱਚ ਇੱਕ ਠੇਕੇਦਾਰ ਤਾਇਨਾਤ ਹੈ ਜਿਸ ਕਾਰਨ ਕਿਸਾਨਾਂ ਦੇ ਕੰਮਾਂ ਵਿੱਚ ਦੇਰੀ ਹੁੰਦੀ ਹੈ ਅਤੇ ਉਨਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਇਸ ਦੇ ਹੱਲ ਲਈ ਸਰਕਾਰ ਸਬ ਡਵੀਜ਼ਨ ਪੱਧਰ ਤੇ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਦੇਵੇ ਅਤੇ ਮਹਿਕਮੇ ਵਿੱਚ ਕਾਮੇ ਭਰਤੀ ਕਰੇ। ਇਸ ਮੌਕੇ ਬੀਕੇਯੂ ਡਕੌਂਦਾ ਦੇ ਆਗੂ ਭੋਲਾ ਸਿੰਘ, ਬਲਾਕ ਆਗੂ ਬਲਵਿੰਦਰ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ ਹਾਜ਼ਰ ਸਨ।