ਬਾਬੂ ਭਗਵਾਨ ਦਾਸ ਅਰੋੜਾ ਦੀ ਨਿੱਘੀ ਯਾਦ ਨੂੰ ਸਮਰਪਿਤ ਮੁਫ਼ਤ ਡੈਂਟਲ ਅਤੇ ਮੈਡੀਕਲ ਕੈਂਪ ਵਿੱਚ 1100 ਨਵੇਂ ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ
ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 3 ਜੁਲਾਈ,2023: ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪਿਤਾ ਤੇ ਸਾਬਕਾ ਮੰਤਰੀ ਪੰਜਾਬ ਸਵ. ਬਾਬੂ ਭਗਵਾਨ ਦਾਸ ਅਰੋੜਾ ਦੀ 23ਵੀਂ ਬਰਸੀ ਦੇ ਮੌਕੇ ’ਤੇ ਆਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ ਹਰਪਾਲ ਕੌਰ, ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਮਲੇਰਕੋਟਲਾ ਜਮੀਲ ਉਰ ਰਹਿਮਾਨ, ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ, ਵਿਧਾਇਕ ਭਦੌੜ ਲਾਭ ਸਿੰਘ ਉੱਗੋਕੇ, ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਸਮੇਤ ਹੋਰ ਸ਼ਖਸ਼ੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਬਾਬੂ ਭਗਵਾਨ ਦਾਸ ਅਰੋੜਾ ਦੀ ਨਿੱਘੀ ਯਾਦ ਨੂੰ ਸਮਰਪਿਤ ਮੁਫ਼ਤ ਡੈਂਟਲ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ 1100 ਨਵੇਂ ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ।
ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਬੂ ਭਗਵਾਨ ਦਾਸ ਅਰੋੜਾ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਅਮਨ ਅਰੋੜਾ ਵੀ ਆਪਣੇ ਪਿਤਾ ਵਾਂਗ ਹੀ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਲੋਕ ਸੇਵਾ ਨੂੰ ਸਮਰਪਿਤ ਹਨ। ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਿਛਲੇ 23 ਵਰ੍ਹਿਆਂ ਤੋਂ ਲਗਾਤਾਰ ਆਪਣੇ ਪਿਤਾ ਜੀ ਦੀ ਬਰਸੀ ਮਨਾ ਰਹੇ ਅਮਨ ਅਰੋੜਾ ਨੇ ਇਹ ਸਾਬਤ ਕਰ ਦਿਖਾਇਆ ਹੈ ਕਿ ਉਹ ਆਪਣੇ ਪਿਤਾ ਨਾਲ ਕਿੰਨਾ ਜ਼ਿਆਦਾ ਮੋਹ ਕਰਦੇ ਸਨ। ਉਨ੍ਹਾਂ ਕਿਹਾ ਕਿ ਬਾਬੂ ਭਗਵਾਨ ਦਾਸ ਨੇ ਇਲਾਕੇ ਦੀ ਸੇਵਾ ਦਾ ਸੰਕਲਪ ਮਨ ਵਿੱਚ ਲੈ ਕੇ ਇਹ ਡੈਂਟਲ ਕਾਲਜ ਇਥੇ ਖੋਲਿ੍ਹਆ ਸੀ ਤਾਂ ਜੋ ਇਥੋਂ ਦੇ ਲੋਕਾਂ ਨੂੰ ਅਤਿ ਆਧੁਨਿਕ ਇਲਾਜ ਸੁਵਿਧਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਅਮਨ ਅਰੋੜਾ ਵੀ ਆਪਣੇ ਪਿਤਾ ਦੇ ਰਾਹ ’ਤੇ ਚੱਲ ਰਹੇ ਹਨ ਅਤੇ ਲੋਕਾਂ ਲਈ ਮਿਸਾਲ ਕਾਇਮ ਕਰ ਰਹੇ ਹਨ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਬੱਚਿਆਂ ਨੂੰ ਹਮੇਸ਼ਾਂ ਮਾਪਿਆਂ ਦਾ ਹੌਂਸਲਾ ਹੁੰਦਾ ਹੈ ਕਿਉਂਕਿ ਮਾਂ ਵਰਗਾ ਲਾਡ ਕੋਈ ਨਹੀਂ ਲਡਾਉਂਦਾ ਅਤੇ ਪਿਤਾ ਦਾ ਹੱਥ ਸਿਰ ’ਤੇ ਹੋਵੇ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਬਾਬੂ ਭਗਵਾਨ ਦਾਸ ਅਰੋੜਾ ਇਲਾਕੇ ਦੀ ਮੰਨੀ ਪ੍ਰਮੰਨੀ ਸਖ਼ਸੀਅਤ ਸਨ ਜਿਨ੍ਹਾਂ ਨੇ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਸੁਨਾਮ ’ਤੇ ਹਮੇਸ਼ਾਂ ਹੀ ਲੋੜਵੰਦਾਂ, ਗਰੀਬਾਂ ਦੀ ਸੇਵਾ ਨੂੰ ਤਰਜੀਹ ਦਿੱਤੀ ਅਤੇ ਉਨ੍ਹਾਂ ਦੇ ਹੀ ਪਦਚਿੰਨ੍ਹਾਂ ’ਤੇ ਅੱਜ ਸਾਰਾ ਅਰੋੜਾ ਪਰਿਵਾਰ ਪੂਰੀ ਤਨਦੇਹੀ ਨਾਲ ਚੱਲ ਰਿਹਾ ਹੈ।
ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮਾਪਿਆਂ ਦੀਆਂ ਦੁਆਵਾਂ ਸਦਕਾ ਹੀ ਇਨਸਾਨ ਬੁਲੰਦੀਆਂ ਨੂੰ ਛੂੰਹਦਾ ਹੈ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਆਪਣੇ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਕਰਵਾਇਆ ਜਾਂਦਾ ਸਮਾਗਮ ਉਨ੍ਹਾਂ ਦੀ ਆਪਣੇ ਪਿਤਾ ਪ੍ਰਤੀ ਨਿੱਘੀ ਸੋਚ ਦਾ ਪ੍ਰਗਟਾਓ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਘਰਾਂ ਵਿੱਚ ਬਜ਼ੁਰਗਾਂ ਦਾ ਮਾਣ ਸਤਿਕਾਰ ਹੁੰਦਾ ਹੈ ਉਥੇ ਪਰਮਾਤਮਾ ਵਸਦਾ ਹੈ। ਅਖੀਰ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਮਾਤਾ ਜੀ ਪਰਮੇਸ਼ਵਰੀ ਦੇਵੀ ਅਤੇ ਭੈਣ ਰਾਧਿਕਾ ਅਰੋੜਾ ਸਮੇਤ ਸਮੁੱਚੇ ਪਰਿਵਾਰ ਦੀ ਤਰਫ਼ੋਂ ਸਮੂਹ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਪੀ ਐਸ ਆਈ ਡੀ ਸੀ ਜਸਵੀਰ ਸਿੰਘ ਕੁਦਨੀ, ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਅਵਤਾਰ ਸਿੰਘ ਈਲਵਾਲ, ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ, ਚੇਅਰਮੈਨ ਮਾਰਕੀਟ ਕਮੇਟੀ ਚੀਮਾ ਦਰਸ਼ਨ ਸਿੰਘ ਜੀਤੀ ਮਾਨ, ਸੀਨੀਅਰ ਆਗੂ ਮਨਦੀਪ ਸਿੰਘ ਲੱਖੇਵਾਲ, ਚੇਅਰਪਰਸਨ ਬਲਾਕ ਸੰਮਤੀ ਜਸਪਾਲ ਕੌਰ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।