ਹੁਸ਼ਿਆਰਪੁਰ 3 ਜੁਲਾਈ (ਤਰਸੇਮ ਦੀਵਾਨਾ ) ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ‘ਅਨੀਮੀਆ ਮੁਕਤ ਭਾਰਤ ‘ ਮੁਹਿੰਮ ਦੇ ਤਹਿਤ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਨੇ ਬਲਾਕ ਚੱਕੋਵਾਲ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਆਦਮਵਾਲ ਵਿਖੇ ਦੌਰਾ ਕੀਤਾ। ਸਿਹਤ ਵਿਭਾਗ ਦੀ ਟੀਮ ਵਲੋਂ ਸਕੂਲ ਦੇ ਬੱਚਿਆਂ ਦੇ ਹੀਮੋਗਲੋਬਿਨ ਦੇ ਟੈਸਟ ਵੀ ਕੀਤੇ ਗਏ। ਇਸ ਟੈਸਟ ਨਾਲ ਅਨੀਮਿਕ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਵਿਭਾਗ ਵਲੋਂ ਇਲਾਜ਼ ਮੁੱਹਈਆ ਕਰਵਾਇਆ ਜਾਵੇਗਾ। ਸਿਵਲ ਸਰਜਨ ਨੇ ਐਡੋਲੋਸੈਂਟ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ ਖਾਸ ਉਮਰ ਵਿਚ ਆ ਕੇ ਹਾਰਮੋਨਲ ਤਬਦੀਲੀਆਂ ਕਾਰਨ ਕਈ ਵਾਰ ਸ਼ਰੀਰਕ ਕਮਜ਼ੋਰੀ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ। ਕਿਸ਼ੋਰੀਆਂ ਵਿੱਚ ਖੂਨ ਦੀ ਕਮੀ ਪਾਈ ਜਾਣ ਦਾ ਮੁੱਖ ਕਾਰਣ ਸਮੇਂ ਸਿਰ ਅਤੇ ਸੰਤੁਲਿਤ ਆਹਾਰ ਨਾ ਲੈਣਾ ਹੈ। ਸਭ ਨੂੰ ਸੰਤੁਲਿਤ ਭੋਜਨ ਜਿਵੇਂ ਹਰੇ ਪੱਤੇਦਾਰ ਸਬਜੀਆਂ, ਮੌਸਮੀ ਫਲ, ਚਨੇ, ਗੁੜ, ਸੋਇਆਬੀਨ ਪਦਾਰਥ, ਦੁੱਧ, ਦਹੀ ਆਦਿ ਲੈਣਾ ਚਾਹੀਦਾ ਹੈ। ਖੂਨ ਦੀ ਕਮੀ ਹੋਣ ਦਾ ਦੂਜਾ ਕਾਰਣ ਪੇਟ ਦੇ ਕੀੜੇ ਵੀ ਹੋ ਸਕਦੇ ਹਨ, ਇਸ ਲਈ ਇਹਨਾਂ ਤੋਂ ਬਚਾਅ ਲਈ ਪੇਟ ਦੇ ਕੀੜਿਆ ਤੋਂ ਮੁਕਤੀ ਸਬੰਧੀ ਦਵਾਈ ਜਰੂਰੀ ਲੈਣੀ ਚਾਹੀਦੀ ਹੈ। ਖੂਨ ਦੀ ਕਮੀ ਤੋਂ ਬਚਾਅ ਲਈ ਕਿਸ਼ੋਰ ਕਿਸ਼ੋਰੀਆਂ ਸਭ ਨੂੰ ਆਪਣੇ ਖਾਣ ਪੀਣ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ। ਕਿਉਂਕਿ ਅੱਜ ਦੀਆਂ ਬੇਟੀਆਂ ਨੇ ਹੀ ਕੱਲ ਤੰਦਰੁਸਤ ਸਮਾਜ ਦੀ ਸਿਰਜਣਾ ਕਰਨੀ ਹੈ। ਇਹ ਤਾਂ ਹੀ ਸੰਭਵ ਹੈ ਜੇ ਸਾਡੀਆਂ ਧੀਆਂ ਤੰਦਰੁਸਤ ਹੋਣਗੀਆਂ।
ਇਸ ਦੌਰਾਨ ਸਿਵਲ ਸਰਜਨ ਨੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ ਡੇ ਮੀਲ ਦੀ ਗਹਿਨਤਾ ਨਾਲ ਜਾਂਚ ਕੀਤੀ। ਉਹਨਾਂ ਖਾਣੇ ਦੀ ਕੁਆਲਿਟੀ, ਬਣਾਉਣ ਵਾਲੀ ਥਾਂ ਦੀ ਸਾਫ ਸਫ਼ਾਈ ਅਤੇ ਖਾਣਾ ਬਣਾਉਣ ਵਾਲੇ ਵਰਕਰਾਂ ਦੇ ਹੱਥਾਂ ਦੀ ਨਿਜੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬੱਚਿਆਂ ਦੀ ਸ਼ਰੀਰਕ ਤੰਦਰੁਸਤੀ ਲਈ ਉਹਨਾਂ ਨੂੰ ਦਿੱਤਾ ਜਾਣ ਵਾਲਾ ਭੋਜਨ ਪੌਸ਼ਟਿਕ ਤੇ ਸਾਫ ਸੁਥਰਾ ਹੋਣਾ ਚਾਹੀਦਾ ਹੈ। ਸਿਵਲ ਸਰਜਨ ਵੱਲੋਂ ਮਿਡ ਡੇਅ ਮੀਲ ਦੀ ਗੁਣਵੱਤਾ ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਦੇ ਨਾਲ ਡਾ.ਲਕਸ਼ਮੀਕਾਂਤ ਅਤੇ ਭੁਪਿੰਦਰ ਸਿੰਘ ਵੀ ਹਾਜ਼ਰ ਸਨ।