ਸਰਦੂਲਗੜ੍ਹ, 8 ਅਗਸਤ (ਕੁਲਵਿੰਦਰ ਕੜਵਲ)
ਹਰੇਕ ਸਮਾਜ ਵਿੱਚ ਰਸਮਾਂ, ਰੀਤੀ ਰਿਵਾਜ ਅਤੇ ਸੱਭਿਆਚਾਰ ਤਿਉਹਾਰ ਆਪਣੀ ਵਿਸ਼ੇਸ਼ ਪਛਾਣ ਬਣਾਉਂਦੇ ਹਨ ਅਤੇ ਜੇਕਰ ਨਵੀਆਂ ਪੀੜ੍ਹੀਆਂ ਇਹਨਾਂ ਕਦਰਾਂ ਕੀਮਤਾਂ ਨੂੰ ਵਿਸਾਰ ਦੇਣ ਤਾਂ ਉਸ ਸਮਾਜ ਦੇ ਸੱਭਿਆਚਾਰ ਵਿੱਚ ਨਿਘਾਰ ਅਤੇ ਪਿਛੜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸੇ ਮਕਸਦ ਨੂੰ ਸਮਰਪਿਤ ਅਤੇ ਵਿਦਿਆਰਥੀਆਂ ਨੂੰ ਪੰਜਾਬ ਦੇ ਪੁਰਾਤਨ ਤਿਉਹਾਰਾਂ ਦੀ ਪਰੰਪਰਾ ਨਾਲ ਜੋੜਨ ਲਈ ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਵਿਖੇ ਧੀਆਂ ਦਾ ਤਿਉਹਾਰ ‘ਤੀਆਂ ਤੀਜ ਦੀਆਂ’ ਬੜੀ ਧੂਮਧਾਮ ਅਤੇ ਚਾਅ ਨਾਲ ਮਨਾਇਆ ਗਿਆ। ਕਾਲਜ ਕੈਂਪਸ ਵਿਖੇ ਕੀਤੇ ਗਏ ਇੱਕ ਰੰਗਾਰੰਗ ਅਤੇ ਉਤਸ਼ਾਹ ਭਰਪੂਰ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਗੀਤ ਸੰਗੀਤ, ਗਿੱਧੇ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਨਰਸਿੰਗ,ਬੀ ਐਡ ਅਤੇ ਡਿਗਰੀ ਕਾਲਜ ਦੀਆਂ ਲੱਗਪਗ ਸਾਰੀਆਂ ਹੀ ਵਿਦਿਆਰਥਣਾਂ ਨੇ ਇਸ ਪ੍ਰੋਗਰਾਮ ਵਿੱਚ ਆਪਣਾ ਯੋਗਦਾਨ ਪਾਇਆ। ਸੰਸਥਾ ਦੇ ਚੇਅਰਮੈਨ ਸ੍ਰੀ ਜਤਿੰਦਰ ਸਿੰਘ ਸੋਢੀ ਨੇ ਇਸ ਮੋਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਲੜਕੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਪੁਰਾਤਨ ਪਰੰਪਰਾਵਾਂ ਅਤੇ ਵਿਰਾਸਤੀ ਕਦਰਾਂ ਕੀਮਤਾਂ ਨੂੰ ਭੁਲਣਾ ਸਮਾਜ ਦੇ ਭਵਿੱਖ ਵਾਸਤੇ ਕੋਈ ਸ਼ੁਭ ਸ਼ਗਨ ਨਹੀਂ ਅਤੇ ਇਸਦੇ ਨਤੀਜੇ ਵੀ ਗੈਰ ਸਮਾਜਿਕ ਪ੍ਰਵਿਰਤੀਆਂ ਨੂੰ ਜਨਮ ਦੇ ਸਕਦੇ ਹਨ। ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਵੀ ਇਸ ਮੌਕੇ ਵਿਦਿਆਰਥਣਾਂ ਦਾ ਇਸ ਤਿਉਹਾਰ ਨੂੰ ਮਨਾਉਣ ਵਾਸਤੇ ਉਤਸ਼ਾਹ ਵਧਾਉਣ ਦੇ ਨਾਲ ਨਾਲ ਉਹਨਾਂ ਵਾਸਤੇ ਰਿਫਰੈਸ਼ਮੈਂਟ ਅਤੇ ਖਾਣ ਪੀਣ ਦਾ ਬਹੁਤ ਵਧੀਆ ਪ੍ਰਬੰਧ ਕਰਵਾਇਆ ਜਿਸ ਦਾ ਲੜਕੀਆਂ ਨੇ ਬਹੁਤ ਲੁੱਤਫ ਮਾਣਿਆ। ਵਿਦਿਆਰਥਣਾਂ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਉਤਸ਼ਾਹ ਏਨਾ ਜ਼ਿਆਦਾ ਸੀ ਕਿ ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤੱਕ ਉਹਨਾਂ ਆਪਣਾ ਗੀਤ ਸੰਗੀਤ ਅਤੇ ਗਿੱਧੇ ਦਾ ਭਰਪੂਰ ਜਸ਼ਨ ਮਨਾਇਆ।ਸਟੇਜ ਸੰਚਾਲਨ ਦੀ ਜਿੰਮੇਵਾਰੀ ਬੀ ਏ ਦੀਆਂ ਵਿਦਿਆਰਥਣਾਂ ਰਮਨਜੀਤ, ਸਨੇਹਾ ਅਤੇ ਨਰਸਿੰਗ ਵਿਭਾਗ ਵੱਲੋਂ ਮਨਪ੍ਰੀਤ ਅਤੇ ਪ੍ਰਭਜੋਤ ਨੇ ਬਾਖੂਬੀ ਨਿਭਾਈ। ਅੰਤ ਵਿੱਚ ਇਸ ਮੌਕੇ ਰਮਨਦੀਪ ਕੌਰ ਬੀ ਏ ਭਾਗ ਦੂਜਾ ਨੂੰ ‘ਮਿਸ ਤੀਜ’ ਅਤੇ ਨਰਸਿੰਗ ਵਿਭਾਗ ਵਿੱਚੋਂ ਗੁਰਪ੍ਰੀਤ ਕੌਰ ਨੂੰ ‘ਮਿਸ ਮਾਲਵਾ’ ਦੇ ਖਿਤਾਬ ਨਾਲ ਨਿਵਾਜਿਆ ਗਿਆ।ਇਸ ਪ੍ਰੋਗਰਾਮ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਟਾਫ ਵਿੱਚੋਂ ਮੈਡਮ ਜਸਪਾਲ ਕੌਰ,ਸਿੰਬਲਪਾਲ, ਰਖਸ਼ਾ ਰਾਣੀ, ਰੇਖਾ ਰਾਣੀ, ਆਸ਼ੂ ਸਿੰਗਲਾ,ਉਪਨੀਤ, ਸੁਨੀਤਾ ਰਾਣੀ, ਅਮਨਦੀਪ, ਸੁਮਨਜੀਤ ਆਦਿ ਹਾਜ਼ਰ ਸਨ।