Home » ਕੱਚੇ ਅਧਿਆਪਕਾਂ ਨੂੰ ਜਾਰੀ ਕੀਤੇ ਨੋਟਿਸਾਂ ਦੀ ਡੀ ਟੀ ਐੱਫ ਵੱਲੋਂ ਸਖ਼ਤ ਨਿਖੇਧੀ

ਕੱਚੇ ਅਧਿਆਪਕਾਂ ਨੂੰ ਜਾਰੀ ਕੀਤੇ ਨੋਟਿਸਾਂ ਦੀ ਡੀ ਟੀ ਐੱਫ ਵੱਲੋਂ ਸਖ਼ਤ ਨਿਖੇਧੀ

ਕੱਚੇ ਅਧਿਆਪਕਾਂ ਨੂੰ ਭੇਜੇ ਨੋਟਿਸ ਅਧਿਆਪਕਾਂ ਦੇ ਸੰਘਰਸ਼ ਤੋਂ ਘਬਰਾਈ ਪੰਜਾਬ ਸਰਕਾਰ ਦੇ ਬੁਖਲਾਹਟ ਦੀ ਨਿਸ਼ਾਨੀ : ਡੀ ਟੀ ਐੱਫ

by Rakha Prabh
27 views
ਚੰਡੀਗੜ੍ਹ, 6 ਜੂਨ, 2023: ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਕੱਚੇ ਅਧਿਆਪਕਾਂ ਦੁਆਰਾ ਆਪਣੇ ਨਾਲ ਹੋ ਰਹੇ ਧੱਕੇ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਸਹਿਣ ਨਹੀਂ ਹੋ ਰਿਹਾ ਅਤੇ ਅਜਿਹਾ ਕਰਨ ਵਾਲੇ ਕੱਚੇ ਅਧਿਆਪਕ ਇੰਦਰਜੀਤ ਸਿੰਘ ਮਾਨਸਾ ਅਤੇ ਮਨਪ੍ਰੀਤ ਕੌਰ ਨੂੰ ਨੋਟਿਸ ਜਾਰੀ ਕਰਕੇ ਸਰਕਾਰ ਦਾ ਵਿਰੋਧ ਕਰਨ ਦਾ ਮਾਮਲਾ ਬਣਾ ਕੇ ਸੇਵਾਵਾਂ ਖਤਮ ਕਰਨ ਦੀ ਤਜਵੀਜ਼ ਸਹਿਤ ਧਮਕੀ ਭਰਿਆ ਸਖਤ ਸੁਨੇਹਾ ਦਿੱਤਾ ਗਿਆ ਹੈ।
ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ 8736 ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਪੋਸਟਰ ਲਗਾਏ ਗਏ ਹਨ ਅਤੇ ਵਾਰ ਵਾਰ ਐਲਾਨ ਕੀਤੇ ਗਏ ਹਨ ਜਦਕਿ ਅਸਲ ਵਿੱਚ ਹਾਲੇ ਤੱਕ ਇਹ ਅਧਿਆਪਕ ਪੱਕੇ ਹੋਣ ਲਈ ਤਰਸ ਰਹੇ ਹਨ। ਜਦੋਂ ਇਹ ਅਧਿਆਪਕ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੇ ਧੋਖੇ ਬਾਰੇ ਰੋਸ ਪ੍ਰਦਰਸ਼ਨ ਕਰਦੇ ਹਨ ਤਾਂ ਇੰਨ੍ਹਾਂ ਨੂੰ ਡਾਂਗਾਂ ਨਾਲ ਨਿਵਾਜਿਆ ਜਾਂਦਾ ਹੈ। ਜਦੋਂ ਇਹ ਸੋਸ਼ਲ ਮੀਡੀਆ ਤੇ ਆਪਣਾ ਪੱਖ ਪੇਸ਼ ਕਰਦੇ ਹਨ ਤਾਂ ਸਰਕਾਰ ਤੋਂ ਇੰਨ੍ਹਾਂ ਵੱਲੋਂ ਅਜਿਹਾ ਕਰਨਾ ਹਜ਼ਮ ਨਹੀਂ ਹੁੰਦਾ ਅਤੇ ਸੇਵਾਵਾਂ ਸਮਾਪਤੀ ਦੀ ਤਜਵੀਜ਼ ਦੇ ਨੋਟਿਸ ਕੱਢ ਕੇ ਤਾਨਾਸ਼ਾਹੀ ਕੀਤੀ ਜਾ ਰਹੀ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਘਵੀਰ ਸਿੰਘ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇੰਨ੍ਹਾਂ ਅਧਿਆਪਕਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ ਅਤੇ ਇੰਨ੍ਹਾਂ ਅਧਿਆਪਕਾਂ ਦੁਆਰਾ ਆਪਣੀ ਹੱਕੀ ਮੰਗ ਲਈ ਸੰਘਰਸ਼ ਅਤੇ ਪ੍ਰਚਾਰ ਕਰਨਾ ਇੰਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਡੀ ਟੀ ਐੱਫ ਅਧਿਆਪਕਾਂ ਦੇ ਸੰਘਰਸ਼ ਨੂੰ ਹੱਕੀ ਅਤੇ ਜਾਇਜ ਮੰਨਦੀ ਹੋਈ ਇੰਨ੍ਹਾਂ ਅਧਿਆਪਕਾਂ ਦੇ ਨਾਲ ਖੜ੍ਹੀ ਹੈ ਅਤੇ ਇੰਨ੍ਹਾਂ ਦੁਆਰਾ ਜਾਰੀ ਸੰਘਰਸ਼ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰੇਗੀ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇੰਨ੍ਹਾਂ ਅਧਿਆਪਕਾਂ ਨਾਲ ਕੀਤੇ ਵਾਅਦੇ ਅਨੁਸਾਰ ਇੰਨ੍ਹਾਂ ਨੂੰ ਰੈਗੂਲਰ ਸੇਵਾਵਾਂ ਦੇ ਪੂਰੇ ਲਾਭਾਂ ਸਮੇਤ ਤਨਖਾਹ ਦਿੰਦਿਆਂ ਪੱਕਾ ਕੀਤਾ ਜਾਵੇ।

Related Articles

Leave a Comment