ਚੰਡੀਗੜ੍ਹ, 2 ਜੁਲਾਈ, 2023: ਫ਼ਸਲੀ ਤਬਾਹੀ ਦੇ ਐਲਾਨੇ ਗਏ ਮੁਆਵਜ਼ੇ ਦੀ ਅਦਾਇਗੀ ਤੁਰੰਤ ਕਰਨ ਦੀ ਮੰਗ ਨੂੰ ਲੈਕੇ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਐਮ ਐਲ ਏ ਜਗਸੀਰ ਸਿੰਘ ਦੇ ਘਰ ਅੱਗੇ ਕਈ ਦਿਨਾਂ ਤੋਂ ਦਿਨੇ ਰਾਤ ਲਗਾਤਾਰ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਅੱਜ ਭੁੱਚੋ ਖੁਰਦ ਵਿਖੇ ਸੰਕੇਤਕ ਤੌਰ ‘ਤੇ ਨੈਸ਼ਨਲ ਹਾਈਵੇ ਜਾਮ ਕਰਨ ਮੌਕੇ ਉਨ੍ਹਾਂ ਉੱਤੇ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।
ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਇਹ ਇੰਕਸ਼ਾਫ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਹੈ ਕਿ ਸਿਵਲ ਪ੍ਰਸ਼ਾਸਨ ਦੀ ਗੈਰਮੌਜੂਦਗੀ ਵਿੱਚ ਕਾਨੂੰਨ ਨੂੰ ਛਿੱਕੇ ਟੰਗ ਕੇ ਬਿਨਾਂ ਚਿਤਾਵਨੀ ਤੋਂ ਇਹ ਜਾਬਰ ਪੁਲਸੀ ਕਾਰਵਾਈ ਕੀਤੀ ਗਈ ਹੈ। ਕਈ ਕਿਸਾਨਾਂ ਨੂੰ ਜ਼ਖ਼ਮੀ ਕਰਨ ਤੋਂ ਇਲਾਵਾ ਇੱਕ ਔਰਤ ਸਮੇਤ 7 ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ ਦਾ ਸਮਾਰਟ ਫੋਨ ਅਤੇ ਕਈ ਗੱਡੀਆਂ ਦੇ ਸ਼ੀਸ਼ੇ ਭੰਨਣ ਵਰਗੀ ਬੁਰਛਾਗਰਦੀ ਵੀ ਕੀਤੀ ਗਈ ਹੈ। ਇਸ ਗੁੰਡਾਗਰਦ ਜਬਰ ਲਈ ਐਮ ਐਲ ਏ ਸਮੇਤ ਭਗਵੰਤ ਮਾਨ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ, ਕਿਉਂਕਿ ਫ਼ਸਲੀ ਮੁਆਵਜ਼ੇ ਦੀ ਅਦਾਇਗੀ ਨੂੰ ਘਊਂ-ਘੱਪ ਕਰਨ ਦੇ ਮਨਸ਼ੇ ਨਾਲ ਜਾਣ ਬੁੱਝ ਕੇ ਲਗਾਤਾਰ ਟਾਲਿਆ ਜਾ ਰਿਹਾ ਹੈ। ਪੁਲਿਸ ਨੇ ਐਮ ਐਲ ਏ ਦੇ ਘਰ ਅੱਗੇ ਲਾਏ ਹੋਏ ਰੋਸ ਧਰਨੇ ਦੇ ਟੈਂਟ ਵੀ ਜ਼ਬਰਦਸਤੀ ਹਟਵਾ ਦਿੱਤੇ ਹਨ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਗ੍ਰਿਫਤਾਰ ਕੀਤੇ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ ਅਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਤੋਂ ਇਲਾਵਾ ਸਮਾਰਟ ਫੋਨ ਅਤੇ ਸ਼ੀਸ਼ਿਆਂ ਦੀ ਭੰਨਤੋੜ ਦੀ ਪੂਰੀ ਭਰਪਾਈ ਕੀਤੀ ਜਾਵੇ।
ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਲਾਠੀਚਾਰਜ ਵਾਲ਼ੀ ਜਗ੍ਹਾ ‘ਤੇ ਹੀ ਸੜਕ ਕਿਨਾਰੇ ਕਿਸਾਨ ਧਰਨਾ ਬਾਦਸਤੂਰ ਜਾਰੀ ਹੈ।ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਭਲਕੇ ਗੁਆਂਢੀ ਜ਼ਿਲ੍ਹਿਆਂ ਦੇ ਕਿਸਾਨ ਵੀ ਇਸ ਤਾਨਾਸ਼ਾਹੀ ਵਿਰੁੱਧ ਰੋਸ ਪ੍ਰਗਟ ਕਰਨ ਲਈ ਧਰਨੇ ਵਿੱਚ ਸ਼ਾਮਲ ਹੋਣਗੇ। ਪੱਕਾ ਸ਼ਾਂਤਮਈ ਧਰਨਾ ਢੁੱਕਵੇਂ ਰੂਪਾਂ ਵਿੱਚ ਫ਼ਸਲੀ ਮੁਆਵਜ਼ੇ ਦੀ ਅਦਾਇਗੀ ਹੋਣ ਤੱਕ ਲਗਾਤਾਰ ਜਾਰੀ ਰੱਖਿਆ ਜਾਵੇਗਾ।