ਚੰਡੀਗੜ੍ਹ, 26 ਜੂਨ, 2023: ਪੰਜਾਬ ਦੀਆਂ ਮੰਡੀਆਂ ਵਿੱਚ ਮੂੰਗੀ,ਮੱਕੀ,ਜਵਾਰ ਵੇਚਣ ਆ ਰਹੇ ਕਿਸਾਨਾਂ ਦੀ ਵਪਾਰੀਆਂ ਹੱਥੋਂ ਹੋ ਰਹੀ ਅੰਨ੍ਹੀ ਲੁੱਟ ਲਈ ਪੰਜਾਬ ਦੀ ਮਾਨ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ ਅਤੇ ਮੰਡੀ ਵਿੱਚ ਆਈ ਪੂਰੀ ਫ਼ਸਲ ਨੂੰ ਐੱਮ ਐੱਸ ਪੀ ਉੱਤੇ ਖ਼ਰੀਦਣ ਦੀ ਮੰਗ ਕੀਤੀ ਗਈ ਹੈ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਬੀਤੇ ਦਿਨੀਂ ਮੰਡੀਆਂ ਵਿੱਚ ਪਹੁੰਚੀ ਮੂੰਗੀ ਵਿੱਚੋਂ ਸਿਰਫ਼ ਡੇੜ੍ਹ ਫੀਸਦੀ ਸਰਕਾਰੀ ਖਰੀਦ ਕਰਨ ਅਤੇ 83% ਮੂੰਗੀ ਵਪਾਰੀਆਂ ਵੱਲੋਂ ਐੱਮ ਐੱਸ ਪੀ ਤੋਂ ਸੈਂਕੜੇ/ਹਜ਼ਾਰਾਂ ਰੁਪਏ ਘੱਟ ਮੁੱਲ ‘ਤੇ ਲੁੱਟੇ ਜਾਣ ਦੇ ਠੋਸ ਅੰਕੜੇ ਜਨਤਕ ਹੋ ਚੁੱਕੇ ਹਨ। ਲਗਭਗ ਅਜਿਹੀ ਦੁਰਦਸ਼ਾ ਹੀ ਮੱਕੀ ਦੀ ਹੋ ਰਹੀ ਹੈ। ਪੰਜਾਬ ਸਰਕਾਰ ਨੇ ਵਪਾਰੀਆਂ ਨੂੰ ਇਸ ਕਦਰ ਖੁੱਲ੍ਹ ਦੇ ਰੱਖੀ ਹੈ ਕਿ ਮੂੰਗੀ ਦਾ ਐੱਮ ਐੱਸ ਪੀ 7755 ਰੁਪਏ ਪ੍ਰਤੀ ਕੁਇੰਟਲ ਹੈ ਪਰ ਵਪਾਰੀ ਮਸਾਂ 6000-6500 ਰੁਪਏ ਹੀ ਆਮ ਕਿਸਾਨਾਂ ਨੂੰ ਦੇ ਰਹੇ ਹਨ। ਮੱਕੀ ਦਾ ਐੱਮ ਐੱਸ ਪੀ 2090 ਰੁਪਏ ਪ੍ਰਤੀ ਕੁਇੰਟਲ ਹੈ ਪਰ 80-90% ਆਮ ਕਿਸਾਨਾਂ ਨੂੰ ਮਸਾਂ 1300-1700 ਰੁਪਏ ਹੀ ਦਿੱਤਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਇਨ੍ਹਾਂ ਫ਼ਸਲਾਂ ਦੇ ਉਤਪਾਦਕ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਪੂਰਾ ਐੱਮ ਐੱਸ ਪੀ ਲੈਣ ਲਈ ਇੱਕਜੁੱਟ ਹੋ ਕੇ ਜ਼ਿਲ੍ਹਾ ਮੰਡੀ ਬੋਰਡ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣ ਤਾਂ ਜਥੇਬੰਦੀ ਵੱਲੋਂ ਡਟਵਾਂ ਸਾਥ ਦਿੱਤਾ ਜਾਵੇਗਾ। ਜਥੇਬੰਦੀ ਵੱਲੋਂ ਆਪਣੇ ਤੌਰ ‘ਤੇ ਵੀ ਇਸ ਮੁੱਦੇ ਉੱਤੇ ਸਰਕਾਰ ਵਿਰੁੱਧ ਜਨਤਕ ਐਕਸ਼ਨ ਕਰਨ ਬਾਰੇ ਫ਼ੈਸਲਾ ਜਲਦੀ ਕਰਨ ਲਈ ਯਤਨ ਜਾਰੀ ਹਨ।