ਫਿਰੋਜ਼ਪੁਰ, 16 ਜੂਨ 2023:*
ਸ੍ਰੀ ਰਾਮ ਬਾਗ਼ ਓਲਡ ਏਜ਼ ਹੋਮ ਫ਼ਿਰੋਜ਼ਪੁਰ ਕੈਂਟ ਵਿਖੇ ਹੈਲਪੇਜ਼ ਇੰਡੀਆ ਅਤੇ ਸਟਰੀਮ ਲਾਈਨ ਵੈਲਫੇਰ ਸੁਸਾਇਟੀ ਫ਼ਿਰੋਜ਼ਪੁਰ ਵੱਲੋਂ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਮਿਸ ਏਕਤਾ ਉੱਪਲ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਅਵਸਰ ‘ਤੇ ਸੀ.ਜੇ.ਐਮ. ਵੱਲੋਂ ਹੈਲਪੇਜ ਇੰਡੀਆ ਦੀ ਸਾਲਾਨਾ ਰਿਪੋਰਟ ਵੀ ਜਾਰੀ ਕੀਤੀ ਗਈ ਜਿਸ ਮੁਤਾਬਕ 52 ਫੀਸਦੀ ਔਰਤਾਂ ਤੇ 40 ਫ਼ੀਸਦੀ ਬੰਦਿਆਂ ਨਾਲ ਘਰਾਂ ਵਿੱਚ ਦੁਰਵਿਵਹਾਰ ਹੋ ਰਿਹੇ ਹਨ। ਉਨ੍ਹਾਂ ਹੈਲਪੇਜ਼ ਇੰਡੀਆ ਅਤੇ ਸਟਰੀਮ ਲਾਈਨ ਵੈਲਫੇਰ ਸੁਸਾਇਟੀ ਫ਼ਿਰੋਜ਼ਪੁਰ ਦੀ ਸ਼ਲਾਘਾ ਕੀਤੀ ਕਿ ਇਹ ਅਜਿਹੇ ਲੋਕਾਂ ਖਾਸਕਰ ਬਜ਼ੁਰਗਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਮਦਦ ਲਈ ਨੈਸ਼ਨਲ ਹੈਲਪਲਾਈਨ ‘ਐਲਡਰ ਲਾਈਨ’ ਟੋਲ ਫਰੀ ਨੰਬਰ 14567 ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ, ਬਿਰਧ ਘਰ, ਗਤੀਵਿਧੀ ਕੇਂਦਰ ਅਤੇ ਹੋਰ ਜਾਣਕਾਰੀ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਅਤੇ ਪੈਨਸ਼ਨ ਸਬੰਧੀ ਮਸਲਿਆਂ ਦੇ ਸੁਝਾਅ ਆਦਿ ਬਾਰੇ ਜਾਣਕਾਰੀ ਲਈ ਇਸ ਟੋਲ ਫਰੀ ਨੰਬਰ ‘ਤੇ ਸਵੇਰੇ 8:00 ਤੋਂ ਸ਼ਾਮ 8:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦਾ ਮਕਸਦ ਘਰਾਂ, ਬਿਰਧ ਆਸ਼ਰਮਾਂ ਜਾਂ ਕਿਤੇ ਹੋਰ ਰਹਿ ਰਹੇ ਬਜ਼ੁਰਗਾਂ ਦੀ ਸੁਰੱਖਿਆ ਯਕੀਨੀ ਬਨਾਉਣਾ ਹੈ। ਇਹ ਸੰਸਥਾ ਦੁਰਵਿਵਹਾਰ ਤੋਂ ਪੀੜਤ ਬਜ਼ੁਰਗਾਂ ਦੀ ਮਦਦ ਕਰਦੀ ਹੈ ਅਤੇ ਬੇਘਰੇ ਬਜ਼ੁਰਗਾਂ ਨੂੰ ਬਿਰਧ ਘਰਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੀ ਹੈ।
ਇਸ ਮੌਕੇ ਐਲਡਰ ਲਾਈਨ ਪੰਜਾਬ ਦੇ ਫੀਲਡ ਰਿਸਪਾਂਸ ਅਫ਼ਸਰ ਦਲੀਪ ਕੁਮਾਰ ਨੇ 14567 ਹੈਲਪ ਲਾਈਨ ਨੰਬਰ ‘ਤੇ ਬਜ਼ੁਰਗਾਂ ਲਈ ਚਲਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਜ਼ੁਰਗ ਐਮਰਜੈਂਸੀ ਵੇਲ਼ੇ ਇਸ ਨੰਬਰ ‘ਤੇ ਫੋਨ ਕਰਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਸਕਦਾ ਅਤੇ ਮਦਦ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹੈਲਪ ਲਾਈਨ ਰਾਹੀਂ ਪ੍ਰਾਪਤ ਸ਼ਿਕਾਇਤਾਂ ਦੀ ਸਬੰਧਤ ਵਿਭਾਗਾਂ ਨਾਲ ਸੰਪਰਕ ਕਰ ਕੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਂਦੀ ਹੈ। ਇਸ ਮੌਕੇ ਰਾਮ ਬਾਗ ਓਲਡਏਜ਼ ਹੋਮ ਦੇ ਸਾਰੇ ਬਜ਼ੁਰਗ ਹਾਜ਼ਰ ਸਨ।
—-
